ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਅੱਤਵਾਦੀ ਇੱਕ ਵਾਰ ਫਿਰ 'ਉੜੀ' ਵਰਗੀ ਸਾਜਿਸ਼ ਘੜ ਰਹੇ ਹਨ। ਅੱਤਵਾਦੀਆਂ ਦੀ ਜਵਾਨਾਂ ਦੇ ਕੈਂਪਾਂ 'ਤੇ ਹਮਲਾ ਕਰਨ ਦੀ ਤਿਆਰੀ ਹੈ। ਵਿਦੇਸ਼ੀ ਅੱਤਵਾਦੀਆਂ ਨੇ ਜੈਸ਼-ਏ-ਮੁਹੰਮਦ ਤੇ ਹਿਜਬੁੱਲ ਮੁਜਾਹਿਦੀਨ ਦੀ ਮਦਦ ਨਾਲ ਜੰਮੂ-ਕਸ਼ਮੀਰ 'ਚ ਤਬਾਹੀ ਮਚਾਉਣ ਦੀ ਸਾਜਿਸ਼ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਵੱਲੋਂ 26 ਜਨਵਰੀ ਤੋਂ ਪਹਿਲਾਂ ਜਾਂ ਇਸ ਦੇ ਨਜ਼ਦੀਕ ਹਮਲਾ ਕਰਨ ਦੀ ਪਲੈਨਿੰਗ ਕੀਤੀ ਜਾ ਰਹੀ ਹੈ।
ਰਿਪੋਰਟਸ ਮੁਤਾਬਕ, ਰਾਜਪੁਰਾ ਪੁਲਵਾਮਾ ਦੇ ਸੇਬਾਂ ਦੇ ਇੱਕ ਬਾਗ 'ਚ ਅੱਤਵਾਦੀਆਂ ਦੀ ਬੈਠਕ ਹੋਈ ਹੈ। ਬਾਗ 'ਚ ਹੋਈ ਇਸ ਸੀਕ੍ਰੇਟ ਬੈਠਕ 'ਚ ਹਿਜਬੁੱਲ ਦੇ ਕਮਾਂਡਰ ਜਹਾਂਗੀਰ ਮਲਿਕ ਤੇ ਜੈਸ਼ ਦੇ ਕਮਾਂਡਰ ਜਾਹਿਦ ਮੰਸੂਰੀ ਸਮੇਤ ਕੁੱਲ 8 ਅੱਤਵਾਦੀ ਸ਼ਾਮਲ ਹੋਏ ਹਨ। ਬੈਠਕ 'ਚ ਜੈਸ਼ ਦਾ ਇੱਕ ਹੋਰ ਵੱਡਾ ਅੱਤਵਾਦੀ ਯਾਸਿਰ ਵੀ ਮੌਜੂਦ ਸੀ।
ਇਸ ਹਮਲੇ ਦੀ ਜ਼ਿੰਮੇਵਾਰੀ ਯਾਸਿਰ ਪਾਰੇ ਨੂੰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੇ ਨਿਸ਼ਾਨੇ 'ਤੇ 44 ਰਾਸ਼ਟਰੀ ਰਾਇਫਲ ਤੇ ਸੋਪੀਆਂ ਦੇ ਨਜ਼ਦੀਕੀ ਮਿਲਟਰੀ ਕੈਂਪ ਹਨ।
ਬੈਠਕ 'ਚ ਇਹ ਵੀ ਕਿਹਾ ਗਿਆ ਹੈ ਕਿ ਫਿਦਾਈਨ ਅਟੈਕ ਜੈਸ਼ ਦੇ ਅੱਤਵਾਦੀਆਂ ਨੇ ਕਰਨਾ ਹੈ। ਦੂਸਰੇ ਅੱਤਵਾਦੀ ਗੁੱਟ ਉਨ੍ਹਾਂ ਨੂੰ ਬਾਹਰੋਂ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਗੇ ਤੇ ਨਾਲ ਹੀ ਉਨ੍ਹਾਂ ਨੂੰ ਪਿੱਛੇ ਸ਼ੈਲਟਰ ਵੀ ਦੇਣਗੇ।