ਸ੍ਰੀ ਆਨੰਦਪੁਰ ਸਾਹਿਬ: ਕੌਮੀ ਤਿਉਹਾਰ ਹੋਲਾ ਮਹੱਲਾ ਨੂੰ ਲੈ ਕੇ ਖਾਲਸੇ ਦੇ ਪ੍ਰਗਟ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਹੋਲਾ ਮਹੱਲਾ ਇਸ ਵਾਰ 24 ਮਾਰਚ ਤੋਂ ਲੈ ਕੇ 29 ਮਾਰਚ ਤੱਕ ਦੋ ਪੜਾਅ ਵਿੱਚ ਮਨਾਇਆ ਜਾਵੇਗਾ। ਪਹਿਲਾ ਪੜਾਅ 24 ਮਾਰਚ ਤੋਂ ਲੈ ਕੇ 26 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਹੋਲੇ ਮਹੱਲੇ ਦਾ ਦੂਜਾ ਪੜਾਅ 27 ਮਾਰਚ ਤੋਂ ਲੈ ਕੇ 29 ਮਾਰਚ ਸ੍ਰੀ ਆਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਹੈ। ਅੱਜ ਵੀ ਵੱਡੀ ਗਿਣਤੀ 'ਚ ਸੰਗਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ ਸ਼ੁਰੂ ਹੋ ਚੁੱਕੀ ਹੈ। 

 

ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵਲੋਂ ਸੰਗਤ ਦੇ ਲਈ ਹਰ ਸਹੂਲਤ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨl ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸੰਗਤ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ। 

 

ਸੰਗਤ ਦੇ ਮਨ ਵਿੱਚ ਕੋਈ ਡਰ ਭੈਅ ਨਹੀਂ ਅਤੇ ਸੰਗਤ ਵੱਡੀ ਗਿਣਤੀ 'ਚ ਪਹੁੰਚ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਅੱਧੀ ਆਮਦ ਹੋਰ ਵੀ ਵਧੇਗੀ। ਉੱਧਰ ਇਸ ਮੌਕੇ ਤੇ ਜਦੋਂ ਸੰਗਤ ਦੇ ਨਾਲ ਗੱਲ ਕੀਤੀ ਗਈ ਤਾਂ ਸੰਗਤ ਵੀ ਚੜ੍ਹਦੀ ਕਲਾ ਵਿੱਚ ਸੀ। ਸੰਗਤਾਂ ਦਾ ਕਹਿਣਾ ਸੀ ਕਿ ਕੋਰੋਨਾ ਦਾ ਉਨ੍ਹਾਂ ਦੇ ਮਨ ਵਿੱਚ ਕੋਈ ਡਰ ਭੈਅ ਨਹੀਂ। ਜੋ ਖ਼ੁਸ਼ੀ ਗੁਰੂ ਦੇ ਦਰ 'ਤੇ ਆ ਕੇ ਮਿਲਦੀ ਹੈ, ਉਹ ਖ਼ੁਸ਼ੀ ਹੋਰ ਕਿਧਰੇ ਵੀ ਨਹੀਂ ਮਿਲਦੀ। ਜਦ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਹਨ ਤਾਂ ਉਨ੍ਹਾਂ ਦੀ ਖ਼ੁਸ਼ੀ  ਦਾ ਕੋਈ ਟਿਕਾਣਾ ਨਹੀਂ ਹੈ। 

 

ਹੋਲੇ ਮਹੱਲੇ ਦੀ ਤਿਆਰੀ ਨੂੰ ਲੈ ਕੇ ਐਸਡੀਐਮ ਆਨੰਦਪੁਰ ਸਾਹਿਬ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੋਲੇ ਮਹੱਲੇ ਨੂੰ ਲੈ ਕੇ ਤਿਆਰੀਆਂ ਪੂਰੀਆਂ ਹਨ। ਸ੍ਰੀ ਆਨੰਦਪੁਰ ਸਾਹਿਬ ਦੀ ਸਫ਼ਾਈ ਵਿਵਸਥਾ ਪੂਰੀ ਕੀਤੀ ਗਈ ਹੈ। ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਲਈ ਪੀਣ ਵਾਸਤੇ ਪਾਣੀ ਜਗ੍ਹਾ ਜਗ੍ਹਾ ਲਗਾਇਆ ਗਿਆ ਹੈ। ਜਗ੍ਹਾ ਜਗ੍ਹਾ ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਹਨ। ਕੋਰੋਨਾ ਦੇ ਟੈਸਟ ਲਈ ਅਲੱਗ ਅਲੱਗ ਸੈਂਟਰ ਬਣਾਏ ਗਏ ਹਨ। ਉਨ੍ਹਾਂ ਵਿੱਚ ਕੋਈ ਵੀ ਸ਼ਰਧਾਲੂ ਆ ਕੇ ਆਪਣੀ ਕੋਰੋਨਾ ਦਾ ਟੈਸਟ ਕਰਾ ਸਕਦਾ ਹੈ। ਜਿਸ ਦੀ ਰਿਪੋਰਟ ਉਸ ਨੂੰ ਅੱਧੇ ਘੰਟੇ ਦੇ ਵਿਚ-ਵਿਚ ਉਸੀ ਸੈਂਟਰ ਤੋਂ ਮਿਲ ਜਾਵੇਗੀ। 

 

ਜੇਕਰ ਟੈਸਟਿੰਗ ਦੇ ਦੌਰਾਨ ਕੋਈ ਸ਼ਰਧਾਲੂ ਕੋਰੋਨਾ ਪੌਜ਼ਟਿਵ ਆਉਂਦਾ ਹੈ ਤਾਂ ਉਸ ਦੇ ਲਈ ਵੀ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਬਾਹਰੋਂ ਆ ਰਹੇ ਸ਼ਰਧਾਲੂਆਂ ਦੇ ਲਈ ਮੁਫ਼ਤ ਵਿੱਚ ਮਾਸਕ ਦਿੱਤੇ ਜਾਣਗੇ ਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਨਾਲ ਦੋ-ਦੋ ਮਾਸਕ ਲੈ ਕੇ ਆਣ ਤੇ ਡਬਲਿਊਐਚਓ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਇਸ ਹੋਲੇ ਮਹੱਲੇ 'ਚ ਸ਼ਾਮਿਲ ਹੋਣ।