ਜਲਾਲਾਬਾਦ: ਜਲਾਲਾਬਾਦ ਦੇ ਬਾਹਮਣੀ ਵਾਲਾ ਰੋਡ 'ਤੇ ਸਥਿਤ ਸੀਐੱਮ ਇੱਟਾਂ ਦੇ ਭੱਠੇ ਤੋਂ ਗੁੰਡਾਗਰਦੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਅੱਜ ਦੁਪਹਿਰ ਵੇਲੇ 50 ਤੋਂ 60 ਬਦਮਾਸ਼ਾਂ ਨੇ ਭੱਠੇ 'ਤੇ ਧਾਵਾ ਬੋਲ ਦਿੱਤਾ। ਇਨ੍ਹਾਂ ਵਲੋਂ ਭੱਠੇ 'ਤੇ ਜੰਮ ਕੇ ਭੰਨ ਤੋੜ ਕੀਤੀ ਗਈ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਅਲਮਾਰੀ ਵਿੱਚ ਪਈ ਢਾਈ ਲੱਖ ਰੁਪਏ ਦੀ ਰਕਮ ਵੀ ਲੁੱਟ ਲਈ। ਉਨ੍ਹਾਂ ਭੱਠਾ ਮਾਲਕ ਸਣੇ ਦੋ ਲੋਕਾਂ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਜਿਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।


ਜਾਣਕਾਰੀ ਦਿੰਦੇ ਹੋਏ ਭੱਠੇ ਦੇ ਮਾਲਕ ਹੈਪੀ ਮਿੱਡਾ ਨੇ ਦੱਸਿਆ ਕਿ ਉਸ ਦਾ ਦੋਸਤ ਗੌਰਵ ਠਠਈ ਜੋ ਕਿ ਟਰੱਕਾਂ ਦੀ ਸੇਲ ਪ੍ਰਚੇਜ਼ ਦਾ ਕੰਮ ਕਰਦਾ ਹੈ, ਵੱਲੋਂ ਉਨ੍ਹਾਂ ਨੂੰ ਇੱਕ ਟਰੱਕ ਹਲਕਾ ਗੁਰੂਹਰਸਾਏ ਦੇ ਪਿੰਡ ਚੱਕ ਨਿਧਾਨਾ ਤੋਂ ਲੈ ਕੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸ ਟਰੱਕ ਦਾ ਸੌਦਾ ਕੈਂਸਲ ਹੋ ਗਿਆ। ਟਰੱਕ ਦੇ ਮਾਲਕ ਨਾਲ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਲੈਣ ਦੇਣ ਮੁਕੰਮਲ ਕਰ ਦਿੱਤਾ ਗਿਆ। ਬੀਤੇ ਤਿੰਨ ਦਿਨਾਂ ਤੋਂ ਟਰੱਕ ਦਾ ਮਾਲਕ ਆਪਣੇ ਕੁਝ ਸਾਥੀਆਂ ਦੇ ਨਾਲ ਉਨ੍ਹਾਂ ਦੇ ਭੱਠੇ 'ਤੇ ਟਰੱਕ ਲੈਣ ਲਈ ਆ ਰਿਹਾ ਸੀ ਅਤੇ ਹਰ ਰੋਜ਼ ਕੋਈ ਨਾ ਕੋਈ ਬਹਾਨਾ ਲਗਾ ਕੇ ਟਰੱਕ ਨੂੰ ਅਗਲੇ ਦਿਨ ਲਿਜਾਣ ਦੀ ਗੱਲ ਆਖ ਦਿੰਦਾ।


ਇਸੇ ਦੌਰਾਨ ਉਸ ਵੱਲੋਂ ਦੇਖਿਆ ਗਿਆ ਕਿ ਭੱਠੇ 'ਤੇ ਵੱਡੀਆਂ ਪੇਮੈਂਟ ਦਾ ਲੈਣ ਦੇਣ ਹੁੰਦਾ ਹੈ। ਜਿਸ ਤੋਂ ਬਾਅਦ ਅੱਜ ਉਸ ਵੱਲੋਂ ਆਪਣੇ ਪੰਜਾਹ ਤੋਂ ਸੱਠ ਸਾਥੀਆਂ ਨੂੰ ਨਾਲ ਲੈ ਕੇ ਅਚਾਨਕ ਦੁਪਹਿਰ ਸਮੇਂ ਭੱਠੇ 'ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ, ਕਿਰਪਾਨਾਂ ਡਾਂਗਾਂ ਸੀ। ਉਨ੍ਹਾਂ ਨੇ ਇੱਟਾਂ ਨਾਲ ਭੱਠੇ ਦੇ ਦਫਤਰ ਨੂੰ ਤੋੜਿਆ ਤੇ ਨਾਲ ਹੀ ਲੱਗਭਗ ਚਾਰ ਮੋਟਰਸਾਈਕਲ ਅਤੇ ਇੱਕ ਟਰੈਕਟਰ ਨੂੰ ਵੀ ਬੁਰੀ ਤਰ੍ਹਾਂ ਤੋੜ ਦਿੱਤਾ।