ਤਰਨ ਤਾਰਨ: ਪਿੰਡ ਭਰੋਵਾਲ ਵਿਖੇ 15 ਮਹੀਨੇ ਪਹਿਲਾਂ ਵਿਆਹੀ ਲੜਕੀ ਦਾ ਉਸ ਦੇ ਪਤੀ ਵਲੋਂ ਢਿੱਡ 'ਚ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਲੜਕੀ ਦੀ ਮ੍ਰਿਤਕ ਦੇਹ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਆਂਦਾ ਗਿਆ ਹੈ। ਮ੍ਰਿਤਕ ਦਾ 5 ਮਹੀਨੇ ਦਾ ਬੱਚਾ ਵੀ ਹੈ। ਜਾਣਕਾਰੀ ਮੁਤਾਬਕ ਦਾਜ ਦੇ ਚਲਦਿਆਂ ਇਹ ਕਤਲ ਕੀਤਾ ਗਿਆ ਹੈ।
ਫਿਲਹਾਲ ਪੁਲਿਸ ਵਲੋਂ ਲੜਕੀ ਦੇ ਪਤੀ ਅਤੇ ਸਹੁਰਾ ਪਰਿਵਾਰ ਤੇ ਕਤਲ ਦਾ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੱਲ ਰਾਤ ਉਨ੍ਹਾਂ ਨੂੰ ਲੜਕੀ ਦਾ ਫੋਨ ਆਇਆ ਸੀ ਕਿ ਉਸ ਨੂੰ ਸਹੁਰੇ ਪਰਿਵਾਰ ਵਾਲੇ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਜਦ ਪਰਿਵਾਰ ਨੇ ਉਨ੍ਹਾਂ ਦੇ ਘਰ ਜਾ ਕੇ ਦੇਖਿਆ ਤਾਂ ਲੜਕੀ ਮਰ ਚੁੱਕੀ ਸੀ। ਉਨ੍ਹਾਂ ਸਥਾਨਕ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤੀ।
ਲੜਕੀ ਦੇ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪੋਸਟ ਮਾਰਟਮ ਕਰਵਾਉਂਣ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਦੇ ਬਿਆਨਾਂ ਤੇ ਲੜਕੀ ਦੇ ਪਤੀ ਅਤੇ ਉਸ ਦੇ ਸਹੁਰੇ ਪਰਿਵਾਰ ਤੇ ਕਤਲ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗਿਰਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।