ਨਵੀਂ ਦਿੱਲੀ: ਅਮਿਤ ਸ਼ਾਹ ਦੇ ਪੋਸਟਰ ਸੋਮਵਾਰ ਰਾਤ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਭਾਜਪਾ ਦੇ ਮੁੱਖ ਦਫਤਰ ਵਿੱਚ ਲਗਾਏ ਗਏ ਸੀ। ਇਸ 'ਚ ਲਿਖਿਆ ਹੈ, 'ਅਸੀਂ ਜਿੱਤ ਨਾਲ ਹੰਕਾਰੀ ਨਹੀਂ ਹੁੰਦੇ ਤੇ ਹਾਰ ਤੋਂ ਨਿਰਾਸ਼ ਨਹੀਂ ਹੁੰਦੇ।' ਇਸ ਤੋਂ ਸਪਸ਼ਟ ਹੈ ਕਿ ਦਿੱਲੀ ਵਿੱਚ 22 ਸਾਲਾਂ ਤੋਂ ਸੱਤਾ ਤੋਂ ਦੂਰ ਭਾਜਪਾ ਨੂੰ ਆਪਣੀ ਹੋਣੀ ਪਹਿਲਾਂ ਹੀ ਪਤਾ ਸੀ। ਇਸ ਦੇ ਬਾਵਜੂਦ ਬੀਜੇਪੀ ਲੀਡਰ ਜਿੱਤ ਦਾ ਦਾਅਵਾ ਕਰਦੇ ਰਹੇ।


ਉਂਝ 2015 ਦੇ ਮੁਕਾਬਲੇ ਭਾਜਪਾ ਨੂੰ ਫਾਇਦਾ ਹੋਇਆ ਹੈ। ਭਾਜਪਾ ਉਮੀਦਵਾਰਾਂ ਨੇ 18-20 ਸੀਟਾਂ 'ਤੇ ਲੀਡ ਲਈ। ਜਦੋਂਕਿ, ਰੁਝਾਨਾਂ ਵਿੱਚ 'ਆਪ' ਨੂੰ ਬਹੁਮਤ ਮਿਲਿਆ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਰੁਝਾਨ ਸੰਕੇਤ ਦਿੰਦੇ ਹਨ ਕਿ ‘ਆਪ’-ਭਾਜਪਾ ਵਿਚਾਲੇ ਅੰਤਰ ਹੈ, ਪਰ ਅਜੇ ਵੀ ਸਮਾਂ ਹੈ। ਅਸੀਂ ਆਸ਼ਾਵਾਦੀ ਹਾਂ। ਨਤੀਜਾ ਜੋ ਵੀ ਹੋਵੇ, ਰਾਜ ਦੇ ਮੁਖੀ ਹੋਣ ਦੇ ਨਾਤੇ ਮੈਂ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।

ਤਿਵਾੜੀ ਨੇ ਕਿਹਾ ਕਿ ਭਾਜਪਾ ਲਈ ਅੱਜ ਦਾ ਦਿਨ ਚੰਗਾ ਰਹੇਗਾ। ਜੇ ਅਸੀਂ 55 ਸੀਟਾਂ 'ਤੇ ਜਿੱਤ ਪ੍ਰਾਪਤ ਕਰਦੇ ਹਾਂ, ਤਾਂ ਕਿਸੇ ਨੂੰ ਵੀ ਇਸ 'ਤੇ ਹੈਰਾਨ ਨਹੀਂ ਹੋਣਾ ਚਾਹੀਦਾ। ਹਰ ਕਿਸੇ ਨੇ ਆਪਣੀ ਮਿਹਨਤ ਨਾਲ ਇਮਤਿਹਾਨ ਦਿੱਤਾ ਹੈ।


ਦੂਜੇ ਪਾਸੇ, ਡਿਪਟੀ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ- ਸਾਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਹੈ, ਕਿਉਂਕਿ ਅਸੀਂ ਪੰਜ ਸਾਲਾ ਤੋਂ ਲੋਕਾਂ ਲਈ ਕੰਮ ਕੀਤਾ ਹੈ।

ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ- ਹਰ ਕੋਈ ਜਾਣਦਾ ਸੀ ਕਿ ਆਮ ਆਦਮੀ ਪਾਰਟੀ ਤੀਜੀ ਵਾਰ ਸੱਤਾ ‘ਚ ਪਰਤੇਗੀ। ਕਾਂਗਰਸ ਦੀ ਹਾਰ ਕੋਈ ਚੰਗਾ ਸੰਦੇਸ਼ ਨਹੀਂ ਭੇਜੇਗੀ। ‘ਆਪ’ ਦੀ ਭਾਜਪਾ ਤੇ ਇਸ ਦੇ ਫਿਰਕੂ ਏਜੰਡੇ ਖ਼ਿਲਾਫ਼ ਜਿੱਤ ਅਹਿਮ ਹੈ।

ਕਾਂਗਰਸ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਦਿੱਲੀ ਚੋਣਾਂ ਦੇ ਸ਼ੁਰੂਆਤੀ ਰੁਝਾਨ ਬਾਰੇ ਈਵੀਐਮ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, “ਈਵੀਐਮ ਨਾਲ ਛੇੜਛਾੜ ਦਾ ਸਬੂਤ ਨਹੀਂ ਹੈ ਅਤੇ ਕੋਈ ਵਿਕਸਤ ਦੇਸ਼ ਇਸ ਦੀ ਵਰਤੋਂ ਨਹੀਂ ਕਰਦਾ। ਇੱਕ ਪਲ ਲਈ ਸੋਚੋ, ਇਹ ਦੇਸ਼ ਇਸ ਦੀ ਵਰਤੋਂ ਕਿਉਂ ਨਹੀਂ ਕਰ ਰਹੇ?”