ਸੰਗਰੂਰ: ਦਿੱਲੀ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਇੱਕ-ਇੱਕ ਪੈਸਾ ਜੋੜ ਕੇ ਸੰਘਰਸ਼ ਲੜ ਰਹੇ ਹਨ, ਪਰ ਹੁਣ ਚੋਰਾਂ ਦੀ ਨਜ਼ਰ ਵੀ ਇਸ ਪੈਸੇ 'ਤੇ ਆ ਗਈ ਹੈ। ਸੰਗਰੂਰ ਦੇ ਨਮੋਲ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਖਜ਼ਾਨਚੀ ਜਗਜੀਤ ਸਿੰਘ ਦੇ ਘਰ ਵਿੱਚ ਬੁੱਧਵਾਰ ਦੁਪਹਿਰ ਨੂੰ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ। ਜਿਸ ਵਿੱਚ ਪਿੰਡ ਤੋਂ ਸੌ-ਸੌ ਰੁਪਏ ਇਕੱਠੇ ਕਰਨ ਤੋਂ ਬਾਅਦ ਦਿੱਲੀ ਸੰਘਰਸ਼ ਲਈ 80,000 ਰੁਪਏ ਇਕੱਠੇ ਕੀਤੇ, ਨਾਲ ਹੀ 70,000 ਰੁਪਏ ਨਕਦੀ ਅਤੇ 5 ਤੋਲੇ ਸੋਨਾ ਚੋਰੀ ਕਰ ਲਿਆ ਗਿਆ ਅਤੇ ਚੋਰ ਫਰਾਰ ਹੋ ਗਏ।
ਫਿਲਹਾਲ ਇਨ੍ਹਾਂ ਸ਼ੱਕੀ ਚੋਰਾਂ ਦੇ ਸੀਸੀਟੀਵੀ ਸਾਹਮਣੇ ਆਏ ਹਨ। ਜਦੋਂ ਕਿਸਾਨ ਆਗੂ ਜਗਜੀਤ ਸਿੰਘ ਦੇ ਘਰ ਚੋਰੀ ਹੋਈ ਤਾਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਲੋਕਾਂ ਵਿੱਚ ਨਾਰਾਜ਼ਗੀ ਹੈ ਕਿ ਹੁਣ ਪਿੰਡ ਵਿੱਚ ਘਰਾਂ ਦੇ ਅੰਦਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਪੁਲਿਸ ਕੁਝ ਨਹੀਂ ਕਰ ਰਹੀ, ਅਸੀਂ ਇੱਕ-ਇੱਕ ਪੈਸਾ ਜੋੜ ਕੇ ਸੰਘਰਸ਼ ਲੜ ਰਹੇ ਹਾਂ।
ਕਿਸਾਨ ਆਗੂ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੀ ਪਤਨੀ ਨਾਲ ਕਿਸੇ ਕੰਮ ਲਈ ਪਟਿਆਲਾ ਗਏ ਸੀ। ਜਦੋਂ ਉਹ ਦੁਪਹਿਰ 4:00 ਵਜੇ ਆਪਣੇ ਘਰ ਪਰਤੇ ਤਾਂ ਉਨ੍ਹਾਂ ਘਰ ਦਾ ਸਮਾਨ ਖਿਲਰਿਆ ਵੇਖਿਆ। ਤੋੜਫੋੜ ਕੀਤੀ ਗਈ ਸੀ, ਅਲਮਾਰੀਆਂ ਨੂੰ ਤੋੜ ਦਿੱਤਾ ਗਿਆ ਸੀ ਅਤੇ ਘਰ 'ਚ ਪਈ ਨਕਦੀ ਤੇ ਸੋਨਾ ਗਾਇਬ ਸੀ।
ਪਿੰਡ ਦੇ ਹੋਰ ਕਿਸਾਨਾਂ ਨੇ ਵੀ ਸਵਾਲ ਉਠਾਏ ਕਿ ਪੁਲਿਸ ਪ੍ਰਸ਼ਾਸਨ ਸਾਡੇ ਪਿੰਡ ਵਿੱਚ ਕੀ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਤਿੰਨ ਚੋਰੀਆਂ ਹੋਈਆਂ ਹਨ ਪਰ ਪੁਲਿਸ ਵਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਕਿਸਾਨ ਦਿੱਲੀ ਸੰਘਰਸ਼ ਲੜ ਰਹੇ ਹਨ। ਇਸ ਲਈ ਉਨ੍ਹਾਂ ਪੁਲਿਸ ਕਿਉਂ ਨਹੀਂ ਤਾਇਨਾਤ। ਉਨ੍ਹਾਂ ਕਿਹਾ ਲੀਡਰਾਂ ਦੇ ਅੱਗੇ ਪਿੱਛੇ ਪੁਲਿਸ ਘੁੰਮਦੀ ਰਹਿੰਦੀ ਹੈ, ਪਰ ਕਿਸਾਨਾਂ ਦੇ ਪਿੰਡਾਂ 'ਚ ਗਸ਼ਤ ਕਿਉਂ ਨਹੀਂ ਵਧਾਈ ਜਾਂਦੀ।