ਬਟਾਲਾ: ਪੰਜਾਬ ਭਰ 'ਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ। ਅੱਜ ਤੀਸਰੇ ਦਿਨ ਵੀ ਉਨ੍ਹਾਂ ਦੀ ਹੜਤਾਲ ਜਾਰੀ ਰਹੀ। ਦੂਸਰੇ ਪਾਸੇ ਪੰਜਾਬ ਸਰਕਾਰ ਨਾਲ ਵੀ ਇਨ੍ਹਾਂ ਕੰਟਰੈਕਟ ਮੁਲਾਜ਼ਮ ਯੂਨੀਅਨ ਦੀ ਅੱਜ ਆਪਣੀਆਂ ਮੰਗਾ ਨੂੰ ਲੈ ਕੇ ਅਹਿਮ ਮੀਟਿੰਗ ਸੀ। 


 


ਮੀਟਿੰਗ ਤੋਂ ਬਾਅਦ ਬਟਾਲਾ ਵਿਖੇ ਪੰਜਾਬ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਮੋਟਰਸਾਈਕਲ ਰੈਲੀ ਕੱਢੀ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾ ਦੇ ਰਹੇ ਕੰਟ੍ਰੈਕਟ ਮੁਲਾਜ਼ਮਾਂ ਅਤੇ ਵਾਈਸ ਪ੍ਰਧਾਨ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਸਨ ਅਤੇ ਇਹ ਵੱਡੀ ਉਮੀਦ ਸੀ ਕਿ ਕੰਟ੍ਰੈਕਟ 'ਤੇ ਕੰਮ ਕਰ ਰਹੇ ਸਭ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਰੈਗੂਲਰ ਕੀਤਾ ਜਾਵੇਗਾ ਪਰ ਮੀਟਿੰਗ ਬੇਸਿੱਟਾ ਰਹੀ ਹੈ। 


 


ਇਨ੍ਹਾਂ ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਇਸੇ ਰੋਸ ਦੇ ਚਲਦੇ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਕਲ ਪੰਜਾਬ ਭਰ ਦੇ ਬਸ ਸਟੈਂਡਾਂ 'ਤੇ 4 ਘੰਟੇ ਦਾ ਚੱਕਾ ਜਾਮ ਕਰ ਪ੍ਰਦਰਸ਼ਨ ਕੀਤੇ ਜਾਣਗੇ। ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦਾ ਵੀ ਘੇਰਾਓ ਕੀਤਾ ਜਾਵੇਗਾ। 


 


ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹੜਤਾਲ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਹਾਲਾਂਕਿ ਜਿਨ੍ਹਾਂ ਨੂੰ ਜ਼ਰੂਰੀ ਯਾਤਰਾ ਕਰਨੀ ਹੈ, ਉਹ ਬੱਸ ਸਟੈਂਡ ਆ ਕੇ ਪ੍ਰਾਈਵੇਟ ਬੱਸਾਂ 'ਚ ਸਫ਼ਰ ਕਰ ਸਕਦੇ ਹਨ।


 


ਪੰਜਾਬ 'ਚ ਇਸ ਸਮੇਂ ਪਨਬੱਸ, ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ 8000 ਮੁਲਾਜ਼ਮ ਹੜਤਾਲ 'ਤੇ ਹਨ। ਇਹ ਸਾਰੇ ਠੇਕਾ ਮੁਲਾਜ਼ਮ ਹਨ। ਪੰਜਾਬ 'ਚ ਟਰਾਂਸਪੋਰਟ ਵਿਭਾਗ ਕੋਲ ਪੀਆਰਟੀਸੀ ਦੀਆਂ ਲਗਭਗ 1100 ਬੱਸਾਂ, ਪੰਜਾਬ ਰੋਡਵੇਜ਼ ਦੀਆਂ 450 ਅਤੇ ਪਨਬੱਸ ਦੀਆਂ ਲਗਭਗ 1200 ਬੱਸਾਂ ਹਨ। ਇਨ੍ਹਾਂ ਵਿੱਚੋਂ ਕੁਝ ਬੱਸਾਂ ਸਰਕਾਰੀ ਡਰਾਈਵਰਾਂ ਅਤੇ ਕੰਡਕਟਰਾਂ ਦੁਆਰਾ ਚਲਾਈਆਂ ਜਾਂਦੀਆਂ ਹਨ।