ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ (Coronavirus) ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅੱਜ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ‘ਚ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ‘ਚ ਵੀ ਕੋਰੋਨਾਵਾਇਰਸ ਦੇ 2 ਹੋਰ ਪੌਜ਼ੇਟਿਵ ਮਰੀਜ਼ ਮਿਲੇ ਹਨ। ਇਸ ਦੇ ਨਾਲ ਪੰਜਾਬ ‘ਚ ਕੁਲ ਮਰੀਜ਼ਾਂ ਦੀ ਗਿਣਤੀ 298 ਤਕ ਪਹੁੰਚ ਗਈ ਹੈ।


ਜਾਣਕਾਰੀ ਮੁਤਾਬਿਕ ਰਾਜਪੁਰਾ ‘ਚ ਇਸ ਤੋਂ ਪਹਿਲਾਂ 30 ਪੌਜੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਬੀਤੇ ਦਿਨੀਂ ਵੀਰਵਾਰ ਨੂੰ 35 ਸ਼ੱਕੀ ਲੋਕਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਚੋਂ 6 ਹੋਰਨਾਂ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਹੁਣ ਰਾਜਪੁਰਾ ‘ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 36 ਹੋ ਗਈ ਹੈ, ਤੇ ਪਟਿਆਲਾ ਜ਼ਿਲ੍ਹੇ ‘ਚ ਇਹ ਗਿਣਤੀ ਵਧ ਕੇ 55 ਤਕ ਪਹੁੰਚ ਗਈ ਹੈ।

ਉੱਧਰ ਮਾਨਸਾ ‘ਚ ਵੀ 2 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ, ਇਹ ਤਬਲੀਗੀ ਜ਼ਮਾਤ ਦੇ ਪੌਜ਼ੇਟਿਵ ਮੈਂਬਰਾਂ ਦੇ ਸੰਪਰਕ ‘ਚ ਆਏ ਸੀ। ਹੁਣ ਮਾਨਸਾ ਜ਼ਿਲ੍ਹੇ 'ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ, ਜਦਕਿ 2 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਚੁੱਕੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਸ਼ੁੱਕਰਵਾਰ ਸਵੇਰੇ ਲੁਧਿਆਣਾ ‘ਚ ਮਹਿਲਾ BDPO ਦੋਰਾਹਾ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਮਹਿਲਾ DMO ਦੀ ਬੇਟੀ ਹੈ।