ਨਵੀਂ ਦਿੱਲੀ: ਅਰਬ ਸਾਗਰ 'ਚ ਪਾਕਿਸਤਾਨ ਅਤੇ ਚੀਨ ਦੀਆਂ ਜਲ ਸੈਨਾਵਾਂ ਸਾਂਝਾ ਜੰਗੀ ਅਭਿਆਸ "ਸੀ-ਗਾਰਜਿਅਨ2020" ਕਰ ਰਹੀਆਂ ਹਨ। ਜਿਸਦਾ ਜਵਾਬ ਦੇਣ ਲਈ ਭਾਰਤੀ ਜਲ ਸੈਨਾ ਨੇ ਆਪਣੇ ਏਅਰਕਰਾਫਟ ਵਿਕਰਮਦਿੱਤਿਆ ਨੂੰ ਤਾਇਨਾਤ ਕਰ ਦਿੱਤਾ ਹੈ। ਆਈਐਨਐਸ ਵਿਕਰਮਦਿੱਤਿਆ ਨੇ ਅਰਬ ਸਾਗਰ 'ਚ ਆਪਣੇ ਹਵਾਈ ਆਪਰੇਸ਼ਨ ਸ਼ੁਰੂ ਕਰ ਦਿੱਤੇ ਹਨ। ਇਸ ਦੀ ਸਮੀਖਿਆ ਉੱਪ ਜਲ ਸੈਨਾ ਮੁੱਖੀ, ਵਾਇਸ ਐਡਮਿਰਲ ਐਮ.ਐਸ ਪਵਾਰ ਨੇ ਕੀਤੀ।


ਉਨ੍ਹਾਂ ਨੇ ਆਈਐਨਐਸ ਵਿਕਰਮਦਿੱਤਿਆ 'ਤੇ ਮਿਗ-29 ਦੇ ਲੜਾਕੂ ਵਿਮਾਨਾਂ ਦੇ ਆਪਰੇਸ਼ਨ ਦੇਖ ਕੇ ਇਸਦੀ ਸ਼ਲਾਘਾ ਕੀਤੀ ਅਤੇ ਵਿਕਰਮਾਦਿੱਤਿਆ ਨੂੰ "ਕਵੀਨ ਆਫ਼ ਬੈਟਲ" ਦਾ ਖਿਤਾਬ ਦਿੱਤਾ।ਦੱਸ ਦਈਏ ਕਿ ਪਾਕਿਸਤਾਨ ਜਲ ਸੈਨਾ ਭਾਰਤ ਦੇ ਮੁਕਾਬਲੇ ਕਾਫੀ ਕਮਜ਼ੋਰ ਹੈ, ਜਦਕਿ ਚੀਨ ਦੀ ਸੈਨਾ ਬੇਹਦ ਤਾਕਤਵਰ ਹੈ। ਇਹੀ ਕਾਰਨ ਹੈ ਕਿ ਚੀਨ ਹੁਣ ਪਾਕਿਸਤਾਨ ਜਲ ਸੈਨਾ ਦੀ ਪਨਡੂੱਬੀ ਬਨਾਉਣ ਦਾ ਕੰਮ ਵੀ ਕਰ ਰਿਹਾ ਹੈ। ਨਾਲ ਹੀ ਪਾਕਿਸਤਾਨ 'ਚ ਜਲ ਸੈਨਾ ਗਵਾਦਰ ਪੋਰਟ ਵੀ ਤਿਆਰ ਕਰ ਰਿਹਾ ਹੈ।

ਹਾਲ ਹੀ 'ਚ ਚੀਨ ਨੇ ਅਫਰੀਕੀ ਦੇਸ਼ ਜਿਬੂਤੀ 'ਚ ਚੀਨ ਦੀ ਸੀਮਾ ਦੇ ਬਾਹਰ ਆਪਣਾ ਮਿਲੀਟਰੀ-ਬੇਸ ਤਿਆਰ ਕੀਤਾ ਹੈ। ਜਿਬੂਤੀ ਤੱਕ ਪਹੁੰਚਣ ਲਈ ਚੀਨ ਦੀ ਜਲ ਸੈਨਾ ਨੂੰ ਅਰਬ ਸਾਗਰ ਰਾਹੀਂ ਹੀ ਦਾਖਿਲ ਹੋਣਾ ਪੈਂਦਾ ਹੈ।