ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਬੈਠਕ ਵਿੱਚ ਚੀਨ ਵੱਲੋਂ ਜੰਮੂ-ਕਸ਼ਮੀਰ ਤੇ ਲੱਦਾਖ ਦਾ ਮੁੱਦਾ ਚੁੱਕਿਆ ਗਿਆ ਜਿਸ ਦਾ ਭਾਰਤ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ। ਇਸ 'ਤੇ ਭਾਰਤ ਨੇ ਸ਼ਨੀਵਾਰ ਨੂੰ ਸਖ਼ਤ ਰੁਖ ਅਪਣਾਇਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, 'ਅਸੀਂ ਦੂਜੇ ਦੇਸ਼ਾਂ ਤੋਂ ਉਮੀਦ ਕਰਦੇ ਹਾਂ ਕਿ ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਗੇ। ਉਮੀਦ ਹੈ ਕਿ ਚੀਨ ਪੀਓਕੇ ਵਿੱਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਲਈ ਗੈਰਕਾਨੂੰਨੀ ਉਸਾਰੀ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੰਮ ਕਰੇਗਾ।'
ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਕਿਹਾ ਕਿ ਕਸ਼ਮੀਰ ਇਕ ਵਿਵਾਦਿਤ ਮੁੱਦਾ ਹੈ ਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਨਿਯਮਾਂ, ਸੁਰੱਖਿਆ ਪਰਿਸ਼ਦ ਦੇ ਸੰਕਲਪਾਂ ਤੇ ਦੁਵੱਲੇ ਸਮਝੌਤਿਆਂ ਦੇ ਤਹਿਤ ਸ਼ਾਂਤੀ ਨਾਲ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਇਕਪਾਸੜ ਢੰਗ ਨਾਲ ਕੀਤੀ ਕੋਈ ਵੀ ਕਾਰਵਾਈ ਸਥਿਤੀ ਨੂੰ ਬਦਲ ਨਹੀਂ ਸਕਦੀ। ਉਮੀਦ ਹੈ ਕਿ ਗੁਆਂਢੀ ਦੇਸ਼ ਭਾਰਤ ਤੇ ਪਾਕਿਸਤਾਨ ਵਿਵਾਦ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਖ਼ਤਮ ਕਰਨਗੇ ਤੇ ਉਨ੍ਹਾਂ ਦੇ ਸਬੰਧ ਸਥਿਰ ਹੋਣਗੇ।'
ਰਵੀਸ਼ ਕੁਮਾਰ ਨੇ ਕਿਹਾ, 'ਚੀਨੀ ਪੱਖ ਜੰਮੂ-ਕਸ਼ਮੀਰ ਬਾਰੇ ਭਾਰਤ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੈ। ਜੰਮੂ-ਕਸ਼ਮੀਰ ਤੇ ਲੱਦਾਖ ਭਾਰਤ ਦਾ ਇਕ ਅਨਿੱਖੜਵਾਂ ਅੰਗ ਹਨ ਤੇ ਜੋ ਕੁਝ ਹਾਲ ਹੀ ਵਿਚ ਹੋਇਆ ਹੈ ਉਹ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਸਾਨੂੰ ਉਮੀਦ ਹੈ ਕਿ ਚੀਨ ਇਸ ਗੱਲ ਨੂੰ ਸਮਝ ਲਵੇਗਾ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਜੋ ਵੀ ਚੱਲ ਰਿਹਾ ਹੈ, ਉਸ ਨੂੰ ਤੁਰੰਤ ਰੋਕ ਦੇਵੇਗਾ।'