ਮੁਹਾਲੀ: ਚੋਰਾਂ ਨੇ ਤਾਂ ਅੱਜਕਲ੍ਹ ਰੱਬ ਦਾ ਘਰ ਵੀ ਨਹੀਂ ਛੱਡੀਆ। ਇਸ ਵਾਰ ਚੋਰਾਂ ਨੇ ਮੁਹਾਲੀ ਫੇਜ਼-5 ਦੇ ਸ਼੍ਰੀ ਹਰਿ ਲਕਸ਼ਮੀ ਮੰਦਰ ਨੂੰ ਨਿਸ਼ਾਨਾ ਬਣਾਇਆ। ਤਿੰਨ ਚੋਰ ਖਿੜਕੀ ਦੀ ਗ੍ਰਿਲ ਕੱਟ ਕੇ ਮੰਦਰ ਦੇ ਅੰਦਰ ਵੜੇ। ਸੀਸੀਟੀਵੀ ਫੁਟੇਜ ‘ਚ ਦਿੱਖ ਰਿਹਾ ਹੈ ਕਿ ਇੱਕ ਚੋਰ ਬਾਹਰ ਤੇ ਦੂਜਾ ਗ੍ਰਿਲ ਦੇ ਨੇੜੇ ਖੜ੍ਹੇ ਹੋਕੇ ਨਿਗਰਾਨੀ ਕਰਨ ਲੱਗਾ ਹੋਇਆ ਹੈ।

ਤੀਜੇ ਚੋਰ ਨੇ ਸ਼ਿਵਾਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਪਹਿਲਾਂ ਹੱਥ ਜੋੜ ਕੇ ਮੱਥਾ ਟੇਕਿਆ। ਫੇਰ ਉਸ ਨੇ ਬਾਬਾ ਭੋਲੇ ਦੇ ਅੱਗੇ ਮੱਥਾ ਟੇਕਿਆ। ਇਸ ਤੋਂ ਬਾਅਦ ਖੜ੍ਹੇ ਹੋ ਕੇ ਹੱਥ ਜੋੜੇ। ਇਸ ਤੋਂ ਬਾਅਦ ਸ਼ਿਵਲਿੰਗ ‘ਤੇ ਲੱਗੀ ਚਾਂਦੀ ਉਖਾੜਣ ਲੱਗਿਆ। ਚਾਂਦੀ ਉਖਾੜਣ ‘ਚ ਉਸ ਨੂੰ ਕਰੀਬ ਦੋ ਘੰਟੇ ਲੱਗ ਗਏ। ਚੋਰ ਕਰੀਬ ਪੌਣੇ ਚਾਰ ਕਿੱਲੋ ਚਾਂਦੀ ਕੱਟ ਕੇ ਲੈ ਗਏ।

ਪੁਲਿਸ ਨੇ ਇਸ ਘਟਨਾ ਦਾ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਦਰ ਦੇ ਮੁੱਖ ਪੰਡਤ ਨੇ ਦੱਸਿਆ ਕਿ ਉਹ ਰੋਜ਼ ਰਾਤ ਨੂੰ ਕਰੀਬ 10 ਵਜੇ ਮੰਦਰ ਬੰਦ ਕਰਦੇ ਹਨ ਅਤੇ ਸਵੇਰੇ ਚਾਰ ਵਜੇ ਮੰਦਰ ਖੋਲ੍ਹਦੇ ਹਨ। ਚੋਰਾਂ ਨੂੰ ਮੰਦਰ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਪਤਾ ਸੀ ਇਸ ਲਈ ਉਨ੍ਹਾਂ ਨੇ ਅਜਿਹਾ ਸਮਾਂ ਚੁਣਿਆ। ਮੰਦਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ‘ਚ ਪਤਾ ਲੱਗਿਆ ਕਿ ਸਭ ਨੇ ਆਪਣੇ ਚਿਹਰੇ ਕਵਰ ਕੀਤੇ ਹੋਏ ਸੀ।