IND vs AUS: ਭਾਰਤ ਤੇ ਆਸਟ੍ਰੇਲੀਆ 'ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਮੰਗਲਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸਾਲ 2019 'ਚ ਆਸਟ੍ਰੇਲੀਆ ਪੰਜ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤ ਆਇਆ ਸੀ। ਉਸ ਵੇਲੇ ਆਸਟ੍ਰੇਲੀਆ ਦੀ ਟੀਮ ਬੁਰੇ ਦੌਰ ਤੋਂ ਗੁਜ਼ਰ ਰਹੀ ਸੀ। ਉਸ ਨੂੰ ਉਮੀਦ ਵੀ ਨਹੀਂ ਸੀ ਕਿ ਉਹ ਭਾਰਤ ਨੂੰ ਉਸ ਦੇ ਘਰ 'ਚ ਹਰਾ ਸਕਦੀ ਹੈ।

ਸ਼ੁਰੂਆਤੀ ਦੋ ਮੈਚਾਂ 'ਚ ਮਿਲੀ ਹਾਰ ਨੇ ਵੀ ਇਸ ਗੱਲ ਦੀ ਤਸਦੀਕ ਕਰ ਦਿੱਤੀ ਸੀ ਪਰ ਏਰਾਨ ਫਿੰਚ ਦੀ ਕਪਤਾਨੀ ਵਾਲੀ ਆਸਟ੍ਰੇਲੀਆ ਟੀਮ ਨੇ ਅਗਲੇ ਲਗਾਤਾਰ ਤਿੰਨ ਮੈਚ ਜਿੱਤ 3-2 ਦੀ ਸੀਰੀਜ਼ ਹਥਿਆਈ। ਹੁਣ ਇੱਕ ਵਾਰ ਫਿਰ ਉਨ੍ਹਾਂ ਦੀਆਂ ਨਜ਼ਰਾਂ ਅੱਜ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ 'ਚ ਭਾਰਤ ਦੇ ਖਿਲਾਫ਼ ਉਹ ਹੀ ਕਹਾਣੀ ਨੂੰ ਦੁਹਰਾਉਣ 'ਤੇ ਹੈ।

ਭਾਰਤੀ ਟੀਮ ਵੀ ਇਸ ਵਾਰ ਪਿਛਲਾ ਹਿਸਾਬ ਬਰਾਬਰ ਕਰਨ ਦੀ ਤਿਆਰੀ 'ਚ ਹੋਵੇਗੀ। ਘਰ 'ਚ ਭਾਰਤ ਇਹ ਕਰਨ ਦੇ ਸਮਰੱਥ ਹੈ, ਇਸ 'ਚ ਕੋਈ ਸ਼ੱਕ ਨਹੀਂ ਪਰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਇਸ ਵਾਰ ਪਹਿਲਾਂ ਤੋਂ ਵੱਧ ਮਜ਼ਬੂਤ ਆਸਟ੍ਰੇਲਿਆਈ ਟੀਮ ਦਾ ਸਾਹਮਣਾ ਕਰਨਾ ਹੈ। ਇਸ ਵਾਰ ਆਸਟ੍ਰੇਲਿਆਈ ਟੀਮ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ। ਇਸ ਦੇ ਨਾਲ ਹੀ ਇਸ ਟੀਮ 'ਚ ਸਮਿੱਥ ਤੇ ਵਾਰਨਰ ਦੇ ਨਾਲ-ਨਾਲ ਪੁਰਾਣੀ ਟੀਮ ਦੇ ਮੈਂਬਰ ਵੀ ਹਨ, ਜੋ ਭਾਰਤ ਨੂੰ ਹਰਾ ਕੇ ਗਏ ਸੀ।

ਭਾਰਤ ਦੇ ਲਿਹਾਜ਼ ਨਾਲ ਇਹ ਵਿਸ਼ਵ ਕੱਪ ਦੇ ਬਾਅਦ ਉਸ ਦੀ ਸਭ ਤੋਂ ਵੱਡੀ ਚੁਣੌਤੀਪੂਰਨ ਸੀਰੀਜ਼ ਹੈ। ਬੇਸ਼ੱਕ ਭਾਰਤੀ ਟੀਮ ਘਰ 'ਚ ਖੇਡ ਰਹੀ ਹੈ ਪਰ ਆਸਟ੍ਰੇਲੀਆ ਦਾ ਨਾਂ ਉਸ ਨੂੰ ਜ਼ਰੂਰ ਪ੍ਰੇਸ਼ਾਨ ਕਰੇਗਾ।