ਲਖਨਊ: ਉੱਤਰ ਪ੍ਰਦੇਸ਼ 'ਚ ਬਦਮਾਸ਼ਾਂ ਦਾ ਖੌਫ ਇਸ ਕਦਰ ਵਧਿਆ ਹੋਇਆ ਹੈ ਕਿ ਆਮ ਜਨਤਾ ਕੀ ਸਗੋਂ ਚੁਣੇ ਹੋਏ ਲੀਡਰ ਵੀ ਸੁਰੱਖਿਅਤ ਨਹੀਂ। ਖਬਰ ਯੂ.ਪੀ. ਦੇ ਮੁਜੱਫਰਨਗਰ ਤੋਂ ਹੈ, ਜਿੱਥੇ ਖੁੱਲ੍ਹਾ ਦਰਬਾਰ ਲਾ ਕੇ ਜਨਤਾ ਦੀਆਂ ਮੁਸ਼ਕਲਾਂ ਸੁਣ ਰਹੇ ਵਿਧਾਇਕ ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਇਹ ਬਦਮਾਸ਼ ਵਿਧਾਇਕ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਫਰਾਰ ਹੋ ਗਏ।
ਹਾਸਲ ਜਾਣਕਾਰੀ ਮੁਤਾਬਕ ਵਿਧਾਇਕ ਕਪਿਲ ਦੇਵ ਅਗਰਵਾਲ ਆਪਣੇ ਘਰ 'ਚ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ। ਇਸ ਦੌਰਾਨ ਤਿੰਨ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਉੱਥੇ ਪਹੁੰਚੇ। ਇਨ੍ਹਾਂ ਆਉਂਦੇ ਹੀ ਵਿਧਾਇਕ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਤੇ ਫਰਾਰ ਹੋ ਗਏ। ਹਾਲਾਂਕਿ ਵਿਧਾਇਕ ਦੇ ਸੁਰੱਖਿਆ ਕਰਮੀ ਨੇ ਫਾਇਰਿੰਗ ਵੀ ਕੀਤੀ ਪਰ ਬਦਮਾਸ਼ ਭੱਜਣ 'ਚ ਕਾਮਯਾਬ ਰਹੇ। ਪੀੜਤ ਵਿਧਾਇਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੁਜੱਫਰਨਗਰ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਨ੍ਹਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਇਸ ਹਮਲੇ ਤੋਂ ਬਾਅਦ ਯੂ.ਪੀ. 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।