ਜੈਪੁਰ: ਚੋਰਾਂ ਨੇ ਮੱਝ ਚੋਰੀ ਕੀਤੀ। ਚੋਰੀ ਦੀ ਮੱਝ ਨੂੰ ਮੱਧ ਪ੍ਰਦੇਸ਼ ਲਿਜਾਣ ਲਈ ਨਦੀ ਪਾਰ ਕਰਦਿਆਂ ਆਪਣਾ ਸਾਮਾਨ ਮੱਝ ਦੇ ਸਿੰਗਾਂ ਨਾਲ ਬੰਨ੍ਹਿਆ ਪਰ ਨਦੀ 'ਚ ਅਜਿਹੀ ਘਟਨਾ ਵਾਪਰੀ ਕਿ ਮੱਝ ਇਨ੍ਹਾਂ ਚੋਰਾਂ ਤੋਂ ਖਹਿੜਾ ਛੁਡਾ ਸਾਮਾਨ ਸਮੇਤ ਥਾਣੇ ਜਾ ਪਹੁੰਚੀ। ਜੀ ਹਾਂ, ਇਹ ਸੱਚ ਹੈ। ਹੈਰਾਨ ਕਰਨ ਵਾਲੀ ਇਹ ਘਟਨਾ ਰਾਜਸਥਾਨ ਦੇ ਧੌਲਪੁਰ 'ਚ ਵਾਪਰੀ। ਆਖਰ ਪੂਰੀ ਘਟਨਾ ਕਿਵੇਂ ਵਾਪਰੀ, ਹੁਣ ਤੁਹਾਨੂੰ ਸਿਲਸਲੇਵਾਰ ਤਰੀਕੇ ਦੱਸਦੇ ਹਾਂ।
ਜਾਣਕਾਰੀ ਮੁਤਾਬਕ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦੇ ਅਤਰੋਲੀ ਪਿੰਡ 'ਚ ਦੋ ਚੋਰਾਂ ਨੇ ਮੱਝ ਚੋਰੀ ਕੀਤੀ ਸੀ। ਹੁਣ ਦੋਵਾਂ ਨੇ ਮੱਧ ਪ੍ਰਦੇਸ਼ ਜਾਣ ਲਈ ਰਾਸਤੇ 'ਚ ਪੈਂਦੀ ਚੰਬਲ ਨਦੀ ਪਾਰ ਕਰਨੀ ਸੀ ਪਰ ਆਪਣੇ ਮੋਬਾਈਲ ਤੇ ਹੋਰ ਕੀਮਤੀ ਪਾਣੀ 'ਚ ਡੁੱਬਣ ਤੋਂ ਬਚਾਉਣ ਲਈ ਦੋ ਮੋਬਾਈਲ, ਪਰਸ, ਕੱਪੜੇ ਤੇ ਜੁੱਤੇ ਪਲਾਸਟਿਕ ਦੇ ਲਿਫਾਫੇ 'ਚ ਪਾ ਕੇ ਮੱਝ ਦੇ ਸਿੰਗਾਂ ਨਾਲ ਬੰਨ੍ਹ ਦਿੱਤੇ। ਦੋਵੇਂ ਚੋਰ ਹੁਣ ਮੱਝ ਦੀ ਪੂਛ ਫੜ ਕੇ ਨਦੀ ਪਾਰ ਕਰਨ ਦੀ ਤਿਆਰੀ ਵਿੱਚ ਸਨ ਪਰ ਨਦੀ 'ਚ ਥੋੜੀ ਦੂਰ ਜਾਂਦਿਆਂ ਹੀ ਉਨ੍ਹਾਂ ਤੋਂ ਪੂਛ ਛੁੱਟ ਗਈ।
ਇਸ ਤੋਂ ਬਾਅਦ ਮੱਝ ਨੇੜੇ ਦੇ ਕੁਠਾਲਾ ਪਿੰਡ ਜਾ ਪਹੁੰਚੀ। ਲੋਕਾਂ ਨੇ ਮੱਝ ਦੇ ਸਿੰਗਾਂ ਨਾਲ ਸਾਮਾਨ ਬੱਝਿਆ ਦੇਖਿਆ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਪੜਤਾਲ ਤੋਂ ਬਾਅਦ ਚੋਰੀ ਦਾ ਪਰਚਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।