ਨਵੀਂ ਦਿੱਲੀ: ਮਣੀਪੁਰ ਦੀ ਸਮਾਜ ਸੇਵੀ ਤੇ ਅਫਸਪਾ ਹਟਾਉਣ ਦੀ ਮੰਗ 'ਤੇ 16 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੀ ਇਰੋਮ ਸ਼ਰਮੀਲਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਦਿੱਲੀ ਸਕੱਤਰੇਤ 'ਚ ਹੋਈ। ਕੇਜਰੀਵਾਲ ਤੇ ਸ਼ਰਮੀਲਾ 'ਚ ਕਰੀਬ ਇੱਕ ਘੰਟੇ ਤੱਕ ਮੀਟਿੰਗ ਚੱਲੀ ਪਰ ਇਸ ਦੌਰਾਨ ਕੀ ਗੱਲਬਾਤ ਹੋਈ, ਇਸ ਬਾਰੇ ਇਰੋਮ ਨੇ ਕੁਝ ਵੀ ਨਹੀਂ ਕਿਹਾ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਮੁਲਾਕਾਤਾਂ ਆਉਣ ਵਾਲੇ ਸਮੇਂ 'ਚ ਵੀ ਹੋਣਗੀਆਂ।
ਸੂਤਰਾਂ ਮੁਤਾਬਕ ਇਸ ਮੁਲਾਕਾਤ ਤੋਂ ਪਹਿਲਾਂ ਇਰੋਮ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਹ ਦਿੱਲੀ 'ਚ ਆਪਣੇ ਦੌਰੇ ਦੌਰਾਨ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਤੋਂ ਰਾਜਨੀਤੀ ਦੇ ਗੁਰ ਸਿੱਖਣਗੇ। ਆਪਣੀ 16 ਸਾਲ ਲੰਬੀ ਭੁੱਖ ਹੜਤਾਲ ਖਤਮ ਕਰਨ ਮਗਰੋਂ ਇਹ ਪਹਿਲੀ ਵਾਰ ਹੈ ਜਦ ਇਰੋਮ ਨੇ ਕਿਸੇ ਲੀਡਰ ਨਾਲ ਮੁਲਾਕਾਤ ਕੀਤੀ ਹੈ।
ਦਰਅਸਲ ਮਣੀਪੁਰ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਸ਼ੁਰੂ ਹੋ ਗਈ ਹੈ। ਮਣੀਪੁਰ ਦੀ 60 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਅਗਲੇ ਸਾਲ ਹੋਣੀਆਂ ਹਨ। ਅਜਿਹੇ ਹਾਲਾਤ 'ਚ ਰਾਜਨੀਤਕ ਪਾਰਟੀਆਂ ਨੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਰੋਮ ਦਾ ਮੰਨਣਾ ਹੈ ਕਿ ਦਿੱਲੀ 'ਚ ਕੇਜਰੀਵਾਲ ਨੇ ਜਿਵੇਂ ਜਿੱਤ ਹਾਸਲ ਕੀਤੀ ਹੈ ਤੇ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ, ਉਸ ਤੋਂ ਉਹ ਕਾਫੀ ਕੁਝ ਸਿੱਖ ਸਕਦੀ ਹੈ।