ਨਵੀਂ ਦਿੱਲੀ: ਸੰਯੁਕਤ ਰਾਸ਼ਟਰ 'ਚ ਵਿਦੇਸ਼ ਮੰਤਰੀ ਸੁਸ਼ਮ ਸਵਰਾਜ ਨੇ ਕੱਲ੍ਹ ਪਾਕਿਸਤਾਨ ਦੇ ਮੁੱਦੇ 'ਤੇ ਬਿਆਨ ਦਿੱਤਾ। ਸੁਸ਼ਮਾ ਦੇ ਭਾਸ਼ਣ ਤੋਂ ਬਾਅਦ ਭਾਰਤ ਸਰਕਾਰ ਦਾ ਸਖਤ ਰੁਖ ਦੁਨੀਆਂ ਦੇ ਸਾਹਮਣੇ ਆ ਗਿਆ ਹੈ। ਸੁਸ਼ਮਾ ਦੇ ਹਿੰਦੀ 'ਚ ਦਿੱਤੇ ਭਾਸ਼ਣ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਹਮੇਸ਼ਾ ਮੋਦੀ ਦੇ ਵਿਰੋਧੀ ਰਹਿਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸੁਸ਼ਮਾ ਸਵਰਾਜ ਦੇ ਭਾਸ਼ਣ ਦੇ ਕਾਇਲ ਹੋਏ ਹਨ। ਕੇਜਰੀਵਾਲ ਨੇ ਸੁਸ਼ਮਾ ਦੇ ਭਾਸ਼ਣ 'ਤੇ ਸਿਖਿਆ ਹੈ, "ਸੰਯੁਕਤ ਰਾਸ਼ਟਰ ਚ ਸੁਸ਼ਮਾ ਜੀ ਨੇ ਭਾਰਤ ਦਾ ਪੱਖ ਬਹੁਤ ਵਧੀਆ ਰੱਖਿਆ ਹੈ। ਉਨ੍ਹਾਂ ਨੂੰ ਵਧਾਈ।"



ਹਾਲਾਂਕਿ ਵਿਰੋਧੀ ਧਿਰ ਕਾਂਗਰਸ ਤੇ ਸਰਕਾਰ ਦੀ ਸਹਿਯੋਗੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਦੇ ਪਾਕਿਸਤਾਨ 'ਤੇ ਹਮਲਾਵਰ ਰਵੱਈਏ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸਵਾਲ ਇਹ ਵੀ ਹੈ ਕਿ ਅੱਗੇ ਕੀ ਹੋਵੇਗਾ। ਪੀ.ਐਮ. ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਭਾਸ਼ਣਾਂ ਤੋਂ ਸਰਕਾਰ ਜੰਗ ਵਰਗਾ ਕਦਮ ਚੁੱਕਣ ਲਈ ਤਿਆਰ ਨਜ਼ਰ ਨਹੀਂ ਆ ਰਹੀ। ਅਜਿਹੇ 'ਚ ਸਵਾਲ ਇਹੀ ਹੈ ਕਿ ਆਖਰ ਸਰਕਾਰ ਉੜੀ ਹਮਲੇ ਦਾ ਬਦਲਾ ਕਿਵੇਂ ਲਏਗੀ।



ਸੰਯੁਕਤ ਰਾਸ਼ਟਰ 'ਚ ਸੁਸ਼ਮਾ ਸਵਰਾਜ ਨਾ ਤਾਂ ਜੰਗ ਦਾ ਐਲਾਨ ਕਰਨ ਗਏ ਸੀ, ਨਾ ਹੀ ਪਾਕਿਸਤਾਨ ਅੱਗੇ ਗੋਡੇ ਟੇਕਣ। ਦੁਨੀਆ ਸਾਹਮਣੇ ਭਾਰਤੀ ਪਹਿਰਾਵੇ 'ਚ ਹਿੰਦੀ 'ਚ ਭਾਸ਼ਣ ਦੇ ਕੇ ਸੁਸ਼ਮਾ ਸਵਰਾਜ ਨੇ ਦੇਸ਼ ਦਾ ਦਿਲ ਜਿੱਤ ਲਿਆ ਹੈ। ਸੁਸ਼ਮਾ ਨਰਮ ਨਹੀਂ ਪਰ ਸਖਤ ਰਹੇ। ਪਾਕਿਸਤਾਨ ਕਦੇ ਵੀ ਸੁਸ਼ਮਾ ਦੇ ਭਾਸ਼ਣ ਨੂੰ ਹਲਕੇ 'ਚ ਲੈਣ ਦੀ ਗਲਤੀ ਨਹੀਂ ਕਰ ਸਕਦਾ।