ਚੰਡੀਗੜ੍ਹ: ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਡੇਰਾ ਸਿਰਸਾ ਮੁਖੀ ਨੂੰ ਰਾਹਤ ਮਿਲੀ ਹੈ। ਕੋਰਟ ਨੇ ਅਦੇਸ਼ ਦਿੰਦਿਆਂ ਡੇਰਾ ਮੁਖੀ ਖਿਲਾਫ ਪੰਚਕੁਲਾ ਕੋਰਟ 'ਚ ਚੱਲ ਰਹੇ ਰੇਪ ਮਾਮਲੇ 'ਚ ਫੈਸਲਾ ਸੁਣਾਉਣ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਸੁਣਵਾਈ ਜਾਰੀ ਰਹੇਗੀ। ਡੇਰਾ ਮੁਖੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਡੇਰਾ ਮੁਖੀ ਵੱਲੋਂ ਰੇਪ ਮਾਮਲੇ ‘ਚ ਆਪਣੇ ਬਚਾ ਲਈ ਦਾਇਰ ਕੀਤੀਆਂ ਦੋ ਪਟੀਸ਼ਨਾਂ ਨੂੰ ਸੀਬੀਆਈ ਕੋਰਟ ਪੰਚਕੁਲਾ ਨੇ ਰੱਦ ਕਰ ਦਿੱਤਾ ਸੀ। ਇਹ ਉਹੀ ਪਟੀਸ਼ਨ ਸੀ ਜਿਸ 'ਚ ਡੇਰਾ ਮੁਖੀ ਵੱਲੋਂ ਪੀੜਤ ਸਾਧਵੀਆਂ ਦੇ ਬਿਆਨ ਦਰਜ ਕਰਨ ਵਾਲੇ ਦੋ ਜਾਂਚ ਅਧਿਕਾਰੀਆਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਹੁਣ ਸੀਬੀਆਈ ਕੋਰਟ ਦੇ ਫੈਸਲੇ ਨੂੰ ਹਾਈਕੋਰਟ 'ਚ ਚਣੌਤੀ ਦਿੱਤੀ ਗਈ ਹੈ।
ਡੇਰਾ ਮੁਖੀ ਵੱਲੋਂ ਦਾਇਰ ਇਸ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਨੇ ਮਾਮਲੇ ਵਿੱਚ ਦੋ ਜਾਂਚ ਅਧਿਕਾਰੀਆਂ ਦੇ ਬਿਆਨ ਦਰਜ ਨਹੀਂ ਕੀਤੇ। ਇਨ੍ਹਾਂ ਅਧਿਕਾਰੀਆਂ ਨੇ ਹੀ ਪੀੜਤ ਸਾਧਵੀਆਂ ਦੇ ਬਿਆਨ ਦਰਜ ਕੀਤੇ ਸਨ। ਦਾਅਵਾ ਕੀਤਾ ਗਿਆ ਹੈ ਕਿ ਬਿਆਨ ਵਿੱਚ ਰੇਪ ਦੀ ਗੱਲ ਹੀ ਨਹੀਂ ਸੀ। ਹੁਣ ਇਸ ਪਟੀਸ਼ਨ 'ਤੇ ਸੀਬੀਆਈ ਵੱਲੋਂ ਜਵਾਬ ਦਾਇਰ ਕੀਤਾ ਜਾਣਾ ਹੈ। ਫਿਲਹਾਲ ਮਾਮਲੇ 'ਤੇ ਸੀਬੀਆਈ ਕੋਰਟ ਚ ਸੁਣਵਾਈ ਤਾਂ ਜਾਰੀ ਰਹੇਗੀ, ਪਰ ਅਦਾਲਤ ਵੱਲੋਂ ਕੋਈ ਵੀ ਫੈਸਲਾ ਸੁਣਾਏ ਜਾਣ 'ਤੇ ਰੋਕ ਲੱਗ ਗਈ ਹੈ।
ਜਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਖਿਲਾਫ ਇੱਕ ਗੁੰਮਨਾਮ ਚਿੱਠੀ ਰਾਹੀਂ ਰੇਪ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ। ਮਾਮਲੇ ਦੀ ਲੰਬੀ ਜਾਂਚ ਤੋਂ ਬਾਅਦ ਸੀਬੀਆਈ ਨੇ ਇਹ ਮਾਮਲਾ ਦਰਜ ਕੀਤਾ ਸੀ। ਡੇਰਾ ਮੁਖੀ ਖਿਲਾਫ ਰੇਪ ਸਮੇਤ 2 ਕਤਲ ਦੇ ਮਾਮਲਿਆਂ ‘ਚ ਵੀ ਸੁਣਵਾਈ ਚੱਲ ਰਹੀ ਹੈ।