ਸ੍ਰੀ ਆਨੰਦਪੁਰ ਸਾਹਿਬ: ਬਿਹਾਰ ਤੋਂ ਬਾਅਦ ਹੁਣ ਪੰਜਾਬ ਸਮੇਤ ਪੂਰੇ ਦੇਸ਼ ਚ ਸ਼ਰਾਬਬੰਦੀ ਲਾਗੂ ਹੋਵੇ। ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਦਾ ਸਵਾਗਤ ਕਰਨ ਪੁੱਜੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੂਰੇ ਦੇਸ਼ 'ਚ ਬਿਹਾਰ ਵਾਂਗ ਸ਼ਰਾਬਬੰਦੀ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ 11 ਕਰੋੜ ਦੀ ਅਬਾਦੀ ਵਾਲੇ ਬਿਹਾਰ 'ਚ ਸ਼ਰਾਬ ਬੰਦ ਹੋ ਸਕਦੀ ਹੈ ਤਾਂ ਦੇਸ਼ ਦੇ ਹੋਰ ਸੂਬਿਆਂ 'ਚ ਕਿਉਂ ਨਹੀਂ ਬੰਦ ਕੀਤੀ ਜਾ ਸਕਦੀ।
ਜਿਕਰਯੋਗ ਹੈ ਕਿ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਈ ਜਾਗ੍ਰਿਤੀ ਯਾਤਰਾ ਵੱਖ-ਵੱਖ ਰਾਜਾਂ ਤੋਂ ਹੁੰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਪੁੱਜੀ। ਇਸ ਦਾ ਸਵਾਗਤ ਕਰਨ ਲਈ ਬਿਹਾਰ ਤੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਪਹੁੰਚੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਲਵਾਈ।
ਇਸ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਇਹ ਬੁਹਤ ਮਾਣ ਵਾਲੀ ਗੱਲ ਹੈ ਕਿ ਪਟਨਾ ਸਾਹਿਬ ਦੀ ਧਰਤੀ ’ਤੇ ਜਨਮੇ ਤੇ ਦੁਨੀਆਂ ਨੂੰ ਵੀਰਤਾ ਦਾ ਪਾਠ ਪੜ੍ਹਾਉਣ ਵਾਲੇ ਦਸਮ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਉਹ ਜਨਵਰੀ ਮਹੀਨੇ ਪਟਨਾ ਸਾਹਿਬ ਵਿਖੇ ਮਨਾਉਣ ਜਾ ਰਹੇ ਹਨ। ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਬਿਹਾਰ ਸਰਕਾਰ ਨੇ ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ 55 ਹਜ਼ਾਰ ਸ਼ਰਧਾਲੂਆਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ।