ਕਲਿਆਣ: ਮੁੰਬਈ ਨੇੜੇ ਕਲਿਆਣ ਦੀ ਰਹਿਣ ਵਾਲੀ ਇੱਕ ਕੁੜੀ ਦਾ ਵਿਆਹ ਹੋਣ ਵਾਲਾ ਹੈ ਪਰ ਨੋਟਬੰਦੀ ਨੇ ਪੂਰੇ ਪਰਿਵਾਰ ਨੂੰ ਮੁਸ਼ਕਲ 'ਚ ਫਸਾ ਦਿੱਤਾ ਹੈ। ਦਰਅਸਲ 18 ਨਵੰਬਰ ਨੂੰ ਡਾਕਟਰ ਸ਼੍ਰੀਵਾਣੀ ਰਾਜਲਿੰਗਮ ਦੇ ਘਰ ਵਿਆਹ ਹੈ, ਕਾਰਡ ਛਪ ਚੁੱਕੇ ਹਨ, ਮਹਿਮਾਨਾਂ ਨੂੰ ਵੀ ਸੱਦਾ ਭੇਜਿਆ ਜਾ ਚੁੱਕਾ ਹੈ।
8 ਨਵੰਬਰ ਨੂੰ ਸ਼੍ਰੀਵਾਣੀ ਦੇ ਪਿਤਾ ਨੇ ਬੈਂਕ 'ਚੋਂ 5 ਲੱਖ ਰੁਪਏ ਕਢਵਾਏ, ਉਨ੍ਹਾਂ ਸੋਚਿਆ ਸੀ ਕਿ ਮੈਰਿਜ ਹਾਲ ਤੋਂ ਲੈ ਕੇ ਹਲਵਾਈ ਤੱਕ ਦੀ ਬੁਕਿੰਗ ਕਰਵਾ ਲੈਣਗੇ, ਪਰ ਉਸੇ ਰਾਤ ਹੀ ਨੋਟਬੰਦੀ ਦੀ ਖਬਰ ਨੇ ਪੂਰੇ ਪਰਿਵਾਰ ਦੀ ਨੀਂਦ ਉਡਾ ਦਿੱਤੀ।


ਮੁਸ਼ਕਲ ਸਿਰਫ ਇਹੀ ਨਹੀਂ, ਸ਼੍ਰੀਵਾਣੀ ਦੇ ਪਿਤਾ ਨੇ ਘਰ 'ਚ ਮੌਜੂਦ 500 ਤੇ 1000 ਦੇ ਨੋਟ ਦੋਬਾਰਾ ਬੈਂਕ ਚ ਤਾਂ ਜਮਾਂ ਕਰਵਾ ਦਿੱਤੇ ਹਨ। ਪਰ ਹੁਣ ਆਪਣੇ ਹੀ ਪੈਸੇ ਕਢਵਾਉਣ ਲਈ ਉਨ੍ਹਾਂ ਨੂੰ ਪੂਰਾ ਦਿਨ ਲਾਈਨ 'ਚ ਖੜਾ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇੱਕ ਸਮੇਂ 10 ਹਜ਼ਾਰ ਰੁਪਏ ਕਢਵਾਉਣ ਦੀ ਸੀਮਾਂ ਦੇ ਚੱਲਦੇ ਇਹਨਾਂ ਦੀ ਮੁਸ਼ਕਲ ਹੋਰ ਵੀ ਵਧ ਗਈ ਹੈ।

ਸ਼੍ਰੀਵਾਣੀ ਦੇ ਵਿਆਹ ਲਈ ਹੁਣ ਪਿਤਾ ਆਪਣੇ ਰਿਸ਼ਤੇਦਾਰਾਂ ਤੇ ਪਹਿਚਾਣ ਵਾਲਿਆਂ ਦਾ ਦਰਵਾਜਾ ਖਟਖਟਾ ਰਹੇ ਹਨ। ਪਰ ਹਲਾਤ ਅਜਿਹੇ ਹਨ ਕਿ ਕੋਈ ਵੀ ਇਹਨਾਂ ਦੀ ਮਦਦ ਨਹੀਂ ਕਰ ਪਾ ਰਿਹਾ। ਪਰਿਵਾਰ ਨੇ ਹੁਣ ਸਰਕਾਰ ਤੋਂ ਮਦਦ ਲਈ ਗੁਹਾਰ ਲਗਾਈ ਹੈ। ਪਰ ਇਸ ਵੇਲੇ ਡਰ ਇਹ ਸਤਾ ਰਿਹਾ ਹੈ ਕਿ ਜੇਕਰ ਸਮਾਂ ਰਹਿੰਦੇ ਪੈਸਿਆਂ ਦਾ ਇੰਤਜ਼ਾਮ ਨਾ ਹੋਇਆ ਤਾਂ ਸ਼੍ਰੀਵਾਣੀ ਦੇ ਸੁਪਨੇ ਨਾ ਟੁੱਟ ਜਾਣ।