ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਪੂਰੇ ਦੇਸ਼ 'ਚ ਏਟੀਐਮ ਤੇ ਬੈਂਕਾਂ ਦੇ ਬਾਹਰ ਨੋਟ ਬਦਲਣ ਤੇ ਜਮਾਂ ਕਰਵਾਉਣ ਨੂੰ ਲੈ ਕੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਸਰਕਾਰ ਨੇ ਪੁਰਾਣੇ 500 ਤੇ 1000 ਰੁਪਏ ਦੇ ਨੋਟਾਂ ਨੂੰ ਕੁੱਝ ਛੋਟ ਵਾਲੀਆਂ ਥਾਵਾਂ 'ਤੇ ਚਲਾਉਣ ਦੀ ਮਿਆਦ 24 ਨਵੰਬਰ ਤੱਕ ਵਧਾ ਦਿੱਤੀ ਹੈ।
ਸਰਕਾਰੀ ਹਸਪਤਾਲ, ਰੇਲਵੇ, ਬੱਸ ਟਿਕਟ, ਪੈਟਰੋਲ ਪੰਪ ਵਰਗੀਆਂ ਥਾਵਾਂ 'ਤੇ 24 ਨਵੰਬਰ ਤੱਕ ਪੁਰਾਣੇ 500 ਤੇ 1000 ਦੇ ਨੋਟ ਚੱਲਣਗੇ। ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ 'ਤੇ ਕੱਲ੍ਹ ਦੇਰ ਰਾਤ ਪੀਐਮ ਮੋਦੀ ਨੇ ਸਰਕਾਰ ਦੇ ਸੀਨੀਅਰ ਮੰਤਰੀਆਂ ਨਾਲ ਮੀਟਿੰਗ ਕੀਤੀ। ਦੇਰ ਰਾਤ ਕਰਾਬ 3 ਘੰਟੇ ਚੱਲੀ ਮੀਟਿੰਗ 'ਚ ਵਿੱਤ ਮੰਤਰਾਲੇ ਤੇ ਰਿਜ਼ਰਵ ਬੈਂਕ ਦੇ ਵੱਡੇ ਅਧਿਕਾਰੀ ਮੌਜੂਦ ਰਹੇ। ਇਸ ਮੀਟਿੰਗ 'ਚ ਪੈਸੇ ਕਢਵਾਉਣ ਦੀ ਸੀਮਾ ਵਧਾਉਣ ਸਮੇਤ ਕਈ ਮਹੱਤਵਪੂਰਣ ਫੈਸਲੇ ਲਏ ਗਏ।
ਹਲਾਤ 'ਤੇ ਚਰਚਾ ਕਰਨ ਤੋਂ ਬਾਅਦ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਕਰਾਰ ਦਿੱਤੇ ਜਾ ਚੁੱਕੇ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬਦਲਣ ਦੀ ਸੀਮਾਂ 4000 ਤੋਂ ਵਧਾ ਕੇ 4500 ਕਰ ਦਿੱਤੀ ਗਈ ਹੈ। ਇਸ 'ਚ ਹੁਣ 2000 ਦੇ ਨਵੇਂ ਨੋਟ ਦੇ ਨਾਲ 500 ਦੇ ਵੀ ਨਵੇਂ ਨੋਟ ਜਾਰੀ ਕੀਤੇ ਜਾਣਗੇ।