ਨਵੀਂ ਦਿੱਲੀ: ‘ਆਪ’ ਸਾਂਸਦ ਭਗਵੰਤ ਮਾਨ ਵੱਲੋਂ ਸੰਸਦ ਦਾ ਵੀਡੀਓ ਬਣਾਉਣ ਦੇ ਮਾਮਲੇ 'ਚ ਜਾਂਚ ਕਮੇਟੀ ਅੱਜ ਸਪੀਕਰ ਨੂੰ ਆਪਣੀ ਰਿਪੋਰਟ ਸੌਂਪੇਗੀ। ਮੰਨਿਆ ਜਾ ਰਿਹਾ ਹੈ ਕਿ ਕਮੇਟੀ ਦੀ ਰਿਪੋਰਟ ਮਾਨ ਦੇ ਖਿਲਾਫ ਜਾ ਸਕਦੀ ਹੈ। ਕਿਉਂਕਿ ਜਾਂਚ ਕਮੇਟੀ ਭਗਵੰਤ ਮਾਨ ਵੱਲੋਂ ਦਿੱਤੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਮਾਨ ਨੇ ਇਸ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਪੰਜ ਪੇਜਾਂ ਦਾ ਲਿਖਤੀ ਜਵਾਬ ਵੀ ਕਮੇਟੀ ਨੂੰ ਭੇਜਿਆ ਸੀ, ਜਿਸ ‘ਚ ਮਾਨ ਨੇ ਲਿਖਿਆ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ।
ਭਗਵੰਤ ਮਾਨ ਨੇ ਜਾਂਚ ਕਮੇਟੀ ਨੂੰ ਭੇਜੇ ਜਵਾਬ 'ਚ ਕਿਹਾ ਕਿ ਉਸ ਦਾ ਦਾਇਰਾ ਹੋਰ ਵਧਾ ਕੇ ਪ੍ਰਧਾਨ ਮੰਤਰੀ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਲਿਖਿਆ, “ਮੇਰੇ ਵੀਡੀਓ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਕਮੇਟੀ ਜਾਂਚ ਕਰੇਗੀ ਕਿ ਇਸ ਵੀਡੀਓ ਨਾਲ ਸੰਸਦ ਦੀ ਸੁਰੱਖਿਆ ਨੂੰ ਖਤਰਾ ਤਾਂ ਪੈਦਾ ਨਹੀਂ ਹੋਇਆ। 2001 ‘ਚ ISI ਨੇ ਸੰਸਦ ਤੇ ਹਮਲਾ ਕੀਤਾ। ਫਿਰ 2016 ਚ ਉਸੇ ISI ਨੇ ਪਠਾਨਕੋਟ ਏਅਰਬੇਸ ‘ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਜੀ ਨੇ ਉਸੇ ISI ਨੂੰ ਪਠਾਨਕੋਟ ਏਅਰਬੇਸ ‘ਤੇ ਪੂਰੀ ਇੱਜਤ ਨਾਲ ਬੁਲਾ ਕੇ ਘੁਮਾਇਆ।”
ਭਗਵੰਤ ਨੇ ਕਿਹਾ ਕਿ, “ISI ਪੂਰੇ ਏਅਰਬੇਸ ਦਾ ਨਕਸ਼ਾ ਬਣਾ ਕੇ ਲੈ ਗਿਆ। ਕੀ ਇਸ ਨਾਲ ਪੂਰੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ ਮੇਰੇ ਵੀਡੀਓ ਬਣਾਉਣਾ ਦੇਸ਼ ਲਈ ਖਤਰਾ ਹੈ ਜਾਂ ਪੀਐਮ ਜੀ ਦਾ ISI ਨੂੰ ਬੁਲਾ ਕੇ ਏਅਰਬੇਸ ‘ਤੇ ਘੁਮਾਉਣਾ ਦੇਸ਼ ਦੀ ਰਾਖੀ ਲਈ ਖਤਰਾ ਹੈ।” ਜਾਂਚ ਕਮੇਟੀ ਨੇ ਅੱਜ ਆਪਣੀ ਰਿਪੋਰਟ ਪੇਸ਼ ਕਰਨੀ ਹੈ। ਇਸ ਰਿਪੋਰਟ ਦੇ ਆਉਣ ਤੱਕ ਮਾਨ ਨੂੰ ਸੰਸਦ ਦੀ ਕਾਰਵਾਈ ‘ਚ ਸ਼ਾਮਲ ਹੋਣ ਰੋਕਿਆ ਗਿਆ ਹੈ।