ਮੋਦੀ ਸਰਕਾਰ ਦਾ ਮੁਸਲਮਾਨਾਂ 'ਤੇ ਨਵਾਂ ਪੈਂਤਰਾ
ਏਬੀਪੀ ਸਾਂਝਾ | 29 Sep 2016 10:27 AM (IST)
ਨਵੀਂ ਦਿੱਲੀ: ਘੱਟ ਗਿਣਤੀਆਂ ਨੂੰ ਨੇੜੇ ਲਿਆਉਣ ਲਈ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਅੱਜ ਤੋਂ ਇੱਕ ਖਾਸ ਪੰਚਾਇਤ ਸ਼ੁਰੂ ਕਰਨ ਜਾ ਰਹੀ ਹੈ। ਇਸ ਪੰਚਾਇਤ ‘ਚ ਮੁਸਲਮਾਨ ਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਲੋਕ ਹਿੱਸਾ ਲੈਣਗੇ। ਇਸ ਪੰਚਾਇਤ ਦਾ ਨਾਮ 'ਪ੍ਰੋਗਰੈਸ ਪੰਚਾਇਤ' ਰੱਖਿਆ ਗਿਆ ਹੈ। ਇਸ ਕਦਮ ਨਾਲ ਸਰਕਾਰ ਮੁਸਲਮਾਨਾਂ 'ਚ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪਹਿਲੀ ਪੰਚਾਇਤ ਅੱਜ ਹਰਿਆਣਾ ਦੇ ਮੇਵਾਤ ਜਿਲ੍ਹੇ ‘ਚ ਹਥੀਨ ਤੇ ਬਿਛੋਰ 'ਚ ਹੋਵੇਗੀ। ਹਥੀਨ 'ਚ ਸਵੇਰੇ 10.25 'ਤੇ ਅਤੇ ਬਿਛੋਰ 'ਚ ਦੁਪਹਿਰ 12.30 'ਤੇ ਇਹ 'ਪ੍ਰੋਗਰੈਸ ਪੰਚਾਇਤ' ਪ੍ਰੋਗਰਾਮ ਹੋਵੇਗਾ। ਇਸ ਪੰਚਾਇਤ 'ਚ ਇਲਾਕੇ ਦੇ ਸਾਰੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਹਿੱਸਾ ਲੈ ਸਕਦੇ ਹਨ। ਇਸ ਤੋਂ ਬਾਅਦ ਦੂਸਰੀ ਪੰਚਾਇਤ 6 ਅਕਤੂਬਰ ਨੂੰ ਰਾਜਸਥਾਨ ਦੇ ਅਲਵਰ ‘ਚ ਹੋਵੇਗੀ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਵੀ ਇਨ੍ਹਾਂ ਪੰਚਾਇਤਾਂ ‘ਚ ਹਿੱਸਾ ਲੈਣਗੇ। ਦੇਸ਼ ਭਰ ‘ਚ ਇਸ ਤਰ੍ਹਾਂ ਦੀਆਂ ਪੰਚਾਇਤਾਂ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਹੀ ਮੋਦੀ ਨੇ ਮੁਸਲਮਾਨਾਂ ਨੂੰ ਵੋਟ ਦੀ ਮੰਡੀ ਬਣਾਉਣ ਵਾਲਿਆਂ ਨੂੰ ਫਟਕਾਰ ਲਾਉਂਦਿਆਂ ਮੁਸਲਮਾਨਾਂ ਨੂੰ ਆਪਣਾ ਦੱਸਿਆ ਸੀ। ਮੋਦੀ ਨੇ ਦੀਨਦਿਆਲ ਉਪਾਧਿਆਏ ਦੀ ਸ਼ਖਸੀਅਤ ਨੂੰ ਦੁਹਰਾਉਂਦਿਆਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਬਰਾਬਰ ਰੱਖਣ ‘ਤੇ ਮਾਣ ਸਤਿਕਾਰ ਦੇਣ ਦੀ ਗੱਲ ਕਹੀ ਸੀ।