ਨਵੀਂ ਦਿੱਲੀ: ਵਿਆਹ ਤੋਂ ਬਾਅਦ ਜੇਕਰ ਜੀਵਨ ਸਾਥੀ ਸੈਕਸ ਕਰਨ ਤੋਂ ਇਨਕਾਰ ਕਰੇ ਤਾਂ ਇਸ ਅਧਾਰ 'ਤੇ ਤਲਾਕ ਲਿਆ ਜਾ ਸਕਦਾ ਹੈ। ਦਿੱਲੀ ਹਾਈਕੋਰਟ ਨੇ ਆਪਣੇ ਫੈਸਲੇ 'ਚ ਨੌਂ ਸਾਲ ਪਹਿਲਾਂ ਹੋਏ ਵਿਆਹ ਦੇ ਰਿਸ਼ਤੇ 'ਚ ਤਲਾਕ ਮਨਜ਼ੂਰ ਕਰਦਿਆਂ ਕਿਹਾ ਹੈ ਕਿ ਜੀਵਨ ਸਾਥੀ ਵੱਲੋਂ ਬਿਨਾਂ ਕਿਸੇ ਕਾਰਨ ਲੰਬੇ ਸਮੇਂ ਤੱਕ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਮਾਨਸਿਕ ਤੌਰ 'ਤੇ ਤਸ਼ੱਦਦ ਕਰਨ ਬਰਾਬਰ ਹੈ। ਅਜਿਹੇ 'ਚ ਇਹ ਤਲਾਕ ਦਾ ਅਧਾਰ ਬਣਦਾ ਹੈ।
ਹਾਈਕੋਰਟ ਦੇ ਦੋਹਰੇ ਜੱਜਾਂ ਦੇ ਬੈਂਚ ਨੇ ਆਪਣਾ ਫੈਸਲਾ ਸੁਣਾਉਂਦਿਆਂ ਇੱਕ ਵਿਅਕਤੀ ਨੂੰ ਤਲਾਕ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ 'ਚ ਪਤੀ ਨੇ ਕਿਹਾ ਸੀ ਕਿ ਉਸ ਦੇ ਵਿਆਹ ਤੋਂ ਬਾਅਦ ਅੱਜ ਤੱਕ ਆਪਣੀ ਪਤਨੀ ਨਾਲ ਸਰੀਰਕ ਸਬੰਧ ਨਹੀਂ ਬਣਿਆ ਹੈ। ਉਸ ਦੀ ਪਤਨੀ ਨੇ ਦਫਤਰ 'ਚ ਵੀ ਇੱਕ ਝੂਠੀ ਸ਼ਿਕਾਇਤ ਦਿੱਤੀ ਸੀ, ਜਿਸ ਦੇ ਚੱਲਦੇ ਉਸ ਦੀ ਨੌਕਰੀ ਚਲੀ ਗਈ। ਇਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਪਤੀ ਨਾਲ ਨਿਰਦਈਪੁਣੇ ਨਾਲ ਪੇਸ਼ ਆਉਣ ਬਰਾਬਰ ਹੈ। ਅਜਿਹੇ 'ਚ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਜਿਸ ਤਹਿਤ ਪਤਨੀ ਨੂੰ ਸਰੀਰਕ ਸਬੰਧਾਂ ਦੇ ਅਯੋਗ ਕਰਾਰ ਦਿੰਦਿਆਂ ਤਲਾਕ ਦੀ ਇਜਾਜ਼ਤ ਦਿੱਤੀ ਸੀ। ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਪਤਨੀ ਨੇ ਹੁਣ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਅਦਾਲਤ 'ਚ 46 ਸਾਲਾ ਪਤੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 2007 'ਚ ਹੋਇਆ ਸੀ ਪਰ ਪਤਨੀ ਨੇ ਕਿਸੇ ਬਿਮਾਰੀ ਦਾ ਹਵਾਲਾ ਦਿੰਦਿਆਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਅਗਲੇ ਸਾਲ ਜਨਵਰੀ 'ਚ ਹਨੀਮੂਨ ਮਨਾਉਣ ਲਈ ਸ਼ਿਮਲਾ ਗਏ ਪਰ ਇੱਥੇ ਵੀ ਪਤਨੀ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਹੱਥ ਲਾਇਆ ਤਾਂ ਉਹ ਬਾਲਕੋਨੀ 'ਚੋਂ ਛਾਲ ਮਾਰ ਕੇ ਜਾਨ ਦੇ ਦੇਵੇਗੀ। ਇਸ ਤੋਂ ਬਾਅਦ ਪਤਨੀ ਨੇ ਆਪਣੇ ਪਤੀ 'ਤੇ ਕਈ ਝੂਠੇ ਇਲਜ਼ਾਮ ਲਾ ਦਿੱਤੇ ਸਨ।