ਨਵੀਂ ਦਿੱਲੀ: ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਅੱਜ ਸਾਊਦੀ ਅਰਬ 'ਚ ਫਸੇ ਭਾਰਤੀ ਕਾਮਿਆ ਦੀ ਮਦਦ ਲਈ ਜਾ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਕੱਲ੍ਹ ਸਾਊਦੀ ਅਰਬ 'ਚ ਫਸੇ 10,000 ਭਾਰਤੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ 'ਚ ਵੱਡੀ ਗਿਣਤੀ ਨੌਜਵਾਨ ਪੰਜਾਬੀ ਹਨ। ਸਰਕਾਰ ਮੁਤਾਬਕ ਵਿਦੇਸ਼ 'ਚ ਰਹਿ ਰਹੇ ਹਰ ਇੱਕ ਭਾਰਤੀ ਦੀ ਮਦਦ ਲਈ ਸਰਕਾਰ ਵਚਨਬੱਧ ਹੈ। ਫਿਲਾਹਲ ਸਾਉਦੀ ਅਰਬ 'ਚ ਫਸੇ ਕਰੀਬ 10,000 ਭਾਰਤੀਆਂ ਨੂੰ ਭਾਰਤੀ ਕੌਂਸਲੇਟ ਵੱਲੋਂ ਖਾਣਾ ਦਿੱਤਾ ਜਾ ਰਿਹਾ ਹੈ।

 



ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਅੱਜ ਸਾਊਦੀ ਅਰਬ ਜਾ ਕੇ ਪੀੜਤ ਕਾਮਿਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕਰ ਹਰ ਤਰੀਕੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ। ਸਰਕਾਰ ਮੁਤਾਬਕ ਸਾਰੇ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਏਗੀ। ਇਸ ਤੋਂ ਬਾਅਦ ਹੀ ਇਹਨਾਂ ਨੂੰ ਭਾਰਤ ਲਿਆਂਦਾ ਜਾਏਗਾ। ਕਿਉਂਕਿ ਰਜਿਸਟ੍ਰੇਸ਼ਨ ਕੀਤੇ ਜਾਣ ਤੋਂ ਬਾਅਦ ਹੀ ਇਹਨਾਂ ਦੀ ਕੰਪਨੀਆਂ ਵੱਲ੍ਹ ਬਕਾਇਆ ਤਨਖਾਹ ਦਵਾਈ ਜਾ ਸਕੇਗੀ। ਸਰਕਾਰ ਮੁਤਾਬਕ ਕਾਮਿਆਂ ਨੂੰ ਭਾਰਤ ਲਿਆਉਣ ਤੋਂ ਬਾਅਦ ਵੀ ਸਥਾਨਕ ਸਰਕਾਰ ਰਾਹੀਂ ਕਾਮਿਆਂ ਦੀ ਬਣਦੀ ਇੱਕ-ਇੱਕ ਪਾਈ ਤੱਕ ਦਵਾਈ ਜਾਏਗੀ।