ਹਸਪਤਾਲ 'ਚ ਭਿਆਨਕ ਅੱਗ, 22 ਲੋਕਾਂ ਦੀ ਮੌਤ, 30 ਤੋਂ ਵੱਧ ਜਖਮੀ
ਏਬੀਪੀ ਸਾਂਝਾ | 18 Oct 2016 10:09 AM (IST)
ਭੁਵਨੇਸ਼ਵਰ: ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਸਮ ਹਸਪਤਾਲ 'ਚ ਭਿਆਨਕ ਅੱਗ ਲੱਗੀ ਹੈ। ਇਸ ਦੌਰਾਨ 22 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 30 ਤੋਂ ਵੱਧ ਗੰਭੀਰ ਜਖਮੀ ਹਨ। ਮੰਨਿਆ ਜਾ ਰਿਹਾ ਹੈ ਕਿ ਸਮ ਹਸਪਤਾਲ ਦੀ ਪਹਿਲੀ ਮੰਜਿਲ 'ਤੇ ਬਣੇ ਡਾਇਲਸਿਸ ਵਾਰਡ ਚ ਸ਼ਾਰਟ ਸਰਕਟ ਦੇ ਚੱਲਦੇ ਇਹ ਅੱਗ ਲੱਗੀ ਤੇ ਹੌਲੀ ਹੌਲੀ ਭਿਆਨਕ ਰੂਪ ਧਾਰ ਗਈ। ਇਸ ਹਸਪਤਾਲ ਦੀ ਇਮਾਰਤ ਚਾਰ ਮੰਜਿਲਾ ਹੈ। ਅਧਿਕਾਰੀਆਂ ਮੁਤਾਬਕ ਸਮ ਹਸਪਤਾਲ ਤੋਂ 14 ਮਰੀਜਾਂ ਦੀਆਂ ਲਾਸ਼ਾਂ ਕੈਪੀਟਲ ਹਸਪਤਾਲ ਲਿਆਂਦੀਆਂ ਗਈਆਂ ਜਦਕਿ ਅਮਰੀ ਹਸਪਤਾਲ 'ਚ 8 ਮਰੀਜਾਂ ਦੀਆਂ ਲਾਸ਼ਾਂ ਪਹੁੰਚੀਆਂ ਹਨ। ਕੈਪੀਟਲ ਹਸਪਤਾਲ ਪ੍ਰਸ਼ਾਸਨ ਨੇ ਕਿਹਾ, "ਇੱਥੇ 14 ਲਾਸ਼ਾਂ ਲਿਆਂਦੀਆਂ ਗਈਆਂ ਹਨ, ਜਦਕਿ 5 ਹੋਰ ਲਾਸ਼ਾਂ ਨੂੰ ਸਮ ਹਸਪਤਾਲ ਤੋਂ ਹੋਰ ਹਸਪਤਾਲ 'ਚ ਲਿਜਾਇਆ ਗਿਆ ਹੈ।" ਭੁਵਨੇਸ਼ਵਰ ਦੇ ਅਮਰੀ ਹਸਪਤਾਲ ਦੇ ਮੁਖੀ ਡਾ. ਸਲਿਲ ਕੁਮਾਰ ਨੇ ਕਿਹਾ, "ਕੁੱਲ 37 ਮਰੀਜ ਸਾਡੇ ਕੋਲ ਜਖਮੀ ਹਾਲਤ 'ਚ ਲਿਆਂਦੇ ਗਏ ਹਨ। ਸਾਡੇ ਡਾਕਟਰਾਂ ਨੇ ਜਾਂਚ ਤੋਂ ਬਾਅਦ 8 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।" ਕੈਪੀਟਲ ਹਸਪਤਾਲ ਦੇ ਡਾਕਟਰ ਮੁਤਾਬਕ, "ਜਿਆਦਾਤਰ ਮਰੀਜ ਅੱਗ ਦੀ ਚਪੇਟ 'ਚ ਆਏ ਸਮ ਹਸਪਤਾਲ ਦੀ ਪਹਿਲੀ ਮੰਜਿਲ 'ਤੇ ਬਣੇ ਆਈਸੀਯੂ 'ਚ ਦਾਖਲ ਸਨ।" ਇਸ ਪੂਰੇ ਦਰਦਨਾਕ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।