ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 1,33,048 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 3,204 ਲੋਕਾਂ ਨੇ ਕੋਵਿਡ-19 ਕਾਰਨ ਦਮ ਤੋੜ ਦਿੱਤਾ ਹੈ। ਦੂਜਾ ਪੱਖ ਇਹ ਵੀ ਹੈ ਕਿ 2,31,277 ਕੋਰੋਨਾ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਇਸੇ ਨਾਲ ਐਕਟਿਵ ਕੇਸ, ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1.01 ਲੱਖ ਘਟੀ ਹੈ।


ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼, ਮਣੀਪੁਰ ਤੇ ਮਿਜ਼ੋਰਮ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਮਰੀਜ਼ਾਂ ਤੋਂ ਵੱਧ ਗਿਣਤੀ ਤੰਦਰੁਸਤ ਹੋਣ ਵਾਲਿਆਂ ਦੀ ਰਹੀ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 35,949 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਸ ਤੋਂ ਇਲਾਵਾ ਤਮਿਲਨਾਡੂ ਵਿੱਚ 31,683, ਕਰਨਾਟਕ ਵਿੱਚ 29,271 ਤੇ ਕੇਰਲ ਵਿੱਚ 24,117 ਲੋਕ ਤੰਦਰੁਸਤ ਹੋਏ ਹਨ।


ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ-



  • ਬੀਤੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 1.33 ਲੱਖ

  • ਬੀਤੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 2.31 ਲੱਖ

  • ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,204

  • ਹੁਣ ਤੱਕ ਦਰਜ ਕੋਵਿਡ-19 ਦੇ ਕੁੱਲ ਮਰੀਜ਼: 2.83 ਕਰੋੜ

  • ਹੁਣ ਤੱਕ ਦਰਜ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕ: 2.41 ਕਰੋੜ

  • ਹੁਣ ਤੱਕ ਦਰਜ ਕੋਵਿਡ-19 ਕਾਰਨ ਮੌਤਾਂ: 3.35 ਲੱਖ

  • ਇਸ ਸਮੇਂ ਕੋਵਿਡ-19 ਕਾਰਨ ਇਲਾਜ ਅਧੀਨ ਮਰੀਜ਼: 17.89 ਲੱਖ


15 ਸੂਬਿਆਂ ਵਿੱਚ ਲਾਕਡਾਊਨ ਵਰਗੀਆਂ ਪਾਬੰਦੀਆਂ


ਦੇਸ਼ ਦੇ 15 ਸੂਬਿਆਂ ਵਿੱਚ ਪੂਰਨ ਤਾਲਾਬੰਦੀ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਪੁੱਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾਗੂ ਹਨ।


17 ਸੂਬਿਆਂ ਤੇ ਯੂਟੀਜ਼ ਵਿੱਚ ਅੰਸ਼ਕ ਲੌਕਡਾਊਨ


ਦੇਸ਼ ਦੇ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅੰਸ਼ਕ ਪੱਧਰ 'ਤੇ ਤਾਲਾਬੰਦੀ ਕੀਤੀ ਗਈ ਹੈ। ਇੱਥੇ ਪਾਬੰਦੀਆਂ ਹਨ ਪਰ ਥੋੜ੍ਹੀ ਢਿੱਲ ਵੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।