ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਰਾਤ ਪੱਥਰ ਦੀ ਖਾਣ ਵਿੱਚ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਵਿੱਚ ਘੱਟੋ-ਘੱਟ 10 ਮਜ਼ਦੂਰਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਰੇ ਮ੍ਰਿਤਕ ਮਜ਼ਦੂਰ ਉੜੀਸਾ ਦੇ ਰਹਿਣ ਵਾਲੇ ਸਨ ਤੇ ਖਾਣ ਵਿੱਚ ਕੰਮ ਕਰਨ ਲਈ ਇੱਥੇ ਆਏ ਸਨ।


ਧਮਾਕਾ ਉਸ ਸਮੇਂ ਹੋਇਆ ਜਦੋਂ ਅਲੂਰੂ ਮੰਡਲ ਦੇ ਤਹਿਤ ਹਾਥੀ ਬੇਲਗਨ ਵਿੱਚ ਖਾਣ ’ਚ ਕੰਮ ਚੱਲ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਇਹ ਵਿਸਫੋਟ ਪੱਥਰ ਤੋੜਨ ਲਈ ਵਰਤੀਆਂ ਜਾਣ ਵਾਲੀਆਂ ਛੜਾਂ ਵਿੱਚ ਹੋਇਆ। ਧਮਾਕੇ ਦੌਰਾਨ ਖਾਣ ਵਿੱਚ ਕਰੀਬ 20 ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਹੋਏ ਵਿਸਫੋਟ ਕਾਰਨ ਮਜ਼ਦੂਰ ਖਾਣ ਅੰਦਰ ਹੀ ਫਸ ਗਏ ਸਨ।

ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ 10 ਮਜ਼ਦੂਰਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਖਾਣ ਵਿੱਚ ਜਿਊਂਦੇ ਬਚੇ ਮਜ਼ਦੂਰਾਂ ਦੀ ਭਾਲ਼ ਵੀ ਜਾਰੀ ਹੈ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੇ ਵਿਰੋਧੀ ਧਿਰ ਦੇ ਲੀਡਰ ਐਸ ਜਗਨਮੋਨ ਰੈਡੀ ਨੇ ਹਾਦਸੇ ’ਤੇ ਅਫਸੋਸ ਜਤਾਇਆ ਹੈ।