ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਲਗਾਤਾਰ ਆਪਣੀ ਤਾਕਤ ਵਧਾਉਣ 'ਚ ਜੁੱਟੀ ਹੋਈ ਹੈ। ਇਸ ਦੇ ਤਹਿਤ ਹਵਾਈ ਫੌਜ 1.25 ਲੱਖ ਕਰੋੜ ਦੀ ਲਾਗਤ ਨਾਲ 114 ਮਲਟੀਰੋਲ ਲੜਾਕੂ ਜਹਾਜ਼ ਖਰੀਦਣ ਦੀ ਤਿਆਰੀ ਕਰ ਰਹੀ ਹੈ। ਭਾਰਤੀ ਹਵਾਈ ਫੌਜ ਦੇ ਏਅਰਚੀਫ਼ ਮਾਰਸ਼ਲ ਵੀਆਰ ਚੌਧਰੀ ਨੇ ਇਹ ਜਾਣਕਾਰੀ ਦਿੱਤੀ।


ਹਵਾਈ ਫੌਜ ਮੁਖੀ  ਵੀਆਰ ਚੌਧਰੀ ਨੇ ਕਿਹਾ, 'ਭਾਰਤੀ ਹਵਾਈ ਫੌਜ 114 ਮਲਟੀਰੋਲ ਲੜਾਕੂ ਜਹਾਜ਼ ਐਮਆਰਐਫਏ ਦੀ ਪ੍ਰਸਤਾਵਿਤ ਖਰੀਦ ਨੂੰ ਅੱਗੇ ਵਧਾ ਰਹੀ ਹੈ। ਇਹ ਖਰੀਦ ਮੇਕ ਇਨ ਇੰਡੀਆ ਪਹਿਲ ਦੇ ਤਹਿਤ ਕੀਤੀ ਜਾਵੇਗੀ। ਅਪ੍ਰੈਲ 2019 'ਚ ਹਵਾਈ ਫੌਜ ਨੇ ਲਗਪਗ 18 ਅਰਬ ਡਾਲਰ ਦੀ ਲਾਗਤ ਨਾਲ 114 ਲੜਾਕੂ ਜਹਾਜ਼ ਖਰੀਦਣ ਲਈ ਸ਼ੁਰੂਆਤੀ ਟੈਂਡਰ ਜਾਰੀ ਕੀਤੇ ਹਨ। ਇਸ ਨੂੰ ਹਾਲ ਹੀ ਦੇ ਸਾਲਾਂ 'ਚ ਦੁਨੀਆਂ ਦੇ ਸਭ ਤੋਂ ਵੱਡੇ ਫੌਜ ਖਰੀਦ ਸੌਦਿਆਂ 'ਚੋਂ ਇਕ ਮੰਨਿਆ ਗਿਆ ਹੈ।'


ਅੱਠ ਅਕਤੂਬਰ ਨੂੰ ਹਵਾਈ ਫੌਜ ਦਿਵਸ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਹਵਾਈ ਫੌਜ ਮੁਖੀ ਚੌਧਰੀ ਨੇ ਕਿਹਾ ਕਿ ਕਈ ਏਅਰੋਸਪੇਸ ਕੰਪਨੀਆਂ ਤੋਂ ਇਸ ਸਬੰਧੀ ਪ੍ਰਤੀਕਿਰਿਆ ਮਿਲੀ ਹੈ ਤੇ acquisition process ਨੂੰ ਅਗਲੇ ਗੇੜ 'ਚ ਲਿਜਾਇਆ ਗਿਆ। ਇਸ ਖਰੀਦ 'ਤੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਯੋਜਨਾ ਮੇਕ ਇਨ ਇੰਡੀਆ ਪਹਿਲ ਦੇ ਤਹਿਤ ਹੋਵੇਗੀ। ਅਸੀਂ ਇਸ ਨੂੰ ਅੱਗੇ ਵਧਾ ਰਹੇ ਹਾਂ। 


ਹਵਾਈ ਫੌਜ ਦਿਵਸ 'ਤੇ ਹਿੰਡਨ-ਏਅਰ ਬੇਸ 'ਤੇ ਹੋਵੇਗਾ ਖਾਸ ਏਅਰ-ਡਿਸਪਲੇਅ


ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਮੌਕੇ ਇਸ ਸਾਲ ਹਵਾਈਫੌਜ ਦਿਵਸ ਯਾਨੀ 8 ਅਕਤੂਬਰ ਨੂੰ ਹਿੰਡਨ-ਏਅਰ ਬੇਸ 'ਤੇ ਇਕ ਬਿਹਤਰੀਨ ਏਅਰ-ਡਿਸਪਲੇਅ ਹੋਣ ਜਾ ਰਿਹਾ ਹੈ। ਹਵਾਈ ਫੌਜ ਇਸ ਸਾਲ ਆਪਣਾ 89ਵਾਂ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਇਸ ਵਾਰ ਏਅਰ ਡਿਸਪਲੇਅ 'ਚ ਰਫ਼ਾਲ, ਸੁਖੋਈ, ਮਿਗ-29 ਜੈਗੁਆਰ, ਮਿਰਾਜ ਤੇ ਮਿਗ-21 ਬਾਇਸਨ ਸਮੇਤ ਕੁੱਲ 75 ਏਅਰਕ੍ਰਾਫਟ ਹਿੱਸਾ ਲੈਣਗੇ।