ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੀਆਰਪੀਐਫ ਦੇ ਕਾਫਲੇ 'ਤੇ ਦਹਿਸ਼ਤੀ ਹਮਲਾ ਕੀਤਾ ਗਿਆ। ਇਸ ਵਿੱਚ ਹੁਣ ਤਕ 30 ਜਵਾਨਾਂ ਦੇ ਸ਼ਹੀਦ ਤੇ 35 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਦੱਖਣੀ ਕਸ਼ਮੀਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਜਵਾਨਾਂ ਦੇ ਕਾਫਲੇ ਇਹ ਹਮਲਾ ਕੀਤਾ ਗਿਆ।


ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬਾਅਦ ਦੁਪਹਿਰ ਤਕਰੀਬਨ ਸਵਾ ਕੁ ਤਿੰਨ ਵਜੇ ਇਹ ਫਿਦਾਈਨ ਹਮਲਾ ਕੀਤਾ ਗਿਆ। ਕਾਫਲਾ ਆਪਣੇ ਰਸਤੇ ਵੱਲ ਵਧ ਰਿਹਾ ਸੀ ਤਾਂ ਦਹਿਸ਼ਤਗਰਦਾਂ ਨੇ ਧਮਾਕਾਖੇਜ਼ ਸਮੱਗਰੀ ਨਾਲ ਲੈਸ ਕਾਰ ਦੀ ਟੱਕਰ ਜਵਾਨਾਂ ਦੀ ਬੱਸ ਨਾਲ ਕਰ ਦਿੱਤੀ।

ਸੀਆਰਪੀਐਫ ਦੇ ਆਹਲਾ ਅਧਿਕਾਰੀ ਮੁਤਾਬਕ ਇਹ ਆਮਤਘਾਤੀ ਹਮਲਾ ਜਾਪਦਾ ਹੈ। ਦੁਰਘਟਨਾ ਮਗਰੋਂ ਕੌਮੀ ਸ਼ਾਹਰਾਹ ਬੰਦ ਕਰ ਦਿੱਤਾ ਗਿਆ ਹੈ ਤੇ ਜਾਂਚ ਜਾਰੀ ਹੈ। ਜ਼ਖ਼ਮੀ ਜਵਾਨਾਂ ਨੂੰ ਫ਼ੌਜ ਦੇ 92 ਬੇਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਾਲ 2016 ਦੇ ਉੜੀ ਦਹਿਸ਼ਤੀ ਹਮਲੇ ਮਗਰੋਂ ਤਾਜ਼ਾ ਘਟਨਾ ਨੂੰ ਸੁਰੱਖਿਆ ਬਲਾਂ 'ਤੇ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।