ਲੀਡਰਾਂ ਦੀ ਕਾਵਾਂ-ਰੌਲੀ 'ਚ ਜਨਤਾ ਦੇ 120 ਕਰੋੜ ਬਰਬਾਦ
ਏਬੀਪੀ ਸਾਂਝਾ | 26 Mar 2018 06:05 PM (IST)
ਨਵੀਂ ਦਿੱਲੀ: ਦੇਸ਼ ਨੂੰ ਚਲਾਉਣ ਵਾਲੇ ਲੀਡਰ ਜਨਤਾ ਦਾ ਪੈਸਾ ਬਰਬਾਦ ਕਰ ਰਹੇ ਹਨ। ਸਿਰਫ ਸੰਸਦ ਦੀ ਕਾਰਵਾਈ ਨੂੰ ਬਰੇਕ ਲਾ ਕੇ ਹੀ ਲੀਡਰਾਂ ਨੇ 120 ਕਰੋੜ ਰੁਪਏ ਬਰਬਾਦ ਕਰ ਦਿੱਤੇ ਹਨ। ਬਜਟ ਇਜਲਾਸ ਇੱਕ ਦਿਨ ਵੀ ਸਚਾਰੂ ਢੰਗ ਨਾਲ ਨਹੀਂ ਚੱਲ ਸਕਿਆ। ਰੋਜ਼ਾਨਾ ਹੰਗਾਮੇ ਹੋ ਰਹੇ ਹਨ ਤੇ ਕਿਸੇ ਵੀ ਮੁੱਦੇ 'ਤੇ ਉਸਾਰੂ ਬਹਿਸ ਨਹੀਂ ਹੋ ਰਹੀ। ਜੇਕਰ ਪਿਛਲੇ ਪਿਛਲੇ 15 ਦਿਨਾਂ ਦੀ ਹੀ ਗੱਲ਼ ਕਰੀਏ ਤਾਂ ਸੰਸਦ ਦੀ ਸਾਰੀ ਕਾਰਵਾਈ ਹੰਗਾਮਿਆਂ ਦੀ ਭੇਟ ਚੜ੍ਹ ਰਹੀ ਹੈ। ਸੰਸਦ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਤੇ ਇਸ ਕਰਕੇ ਜਨਤਾ ਦੀ ਕਮਾਈ ਦਾ 120 ਕਰੋੜ ਰੁਪਏ ਬਰਬਾਦ ਹੋ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਸੰਸਦ ਦੀ ਕਾਰਵਾਈ ਦੇ ਇੱਕ ਮਿੰਟ ਉੱਪਰ 2.50 ਲੱਖ ਰੁਪਏ ਦਾ ਖਰਚ ਆਉਂਦਾ ਹੈ। ਇਸ ਤਰ੍ਹਾਂ ਜੇ ਦੋਹਾਂ ਸਦਨਾਂ ਦੀ ਕਾਰਵਾਈ ਛੇ ਘੰਟੇ ਚੱਲਦੀ ਹੈ ਤਾਂ ਇੱਕ ਦਿਨ 'ਚ 9 ਕਰੋੜ ਰੁਪਏ ਖਰਚ ਹੁੰਦੇ ਹਨ। ਇਸ ਵਾਰ ਦੋਹਾਂ ਸਦਨਾਂ ਦੀ ਕਾਰਵਾਈ ਸਿਰਫ 9 ਘੰਟੇ ਚੱਲੀ। ਇਸ ਤਰ੍ਹਾਂ 15 ਦਿਨਾਂ 'ਚ ਜੇਕਰ ਦੋਵੇਂ ਸਦਨ 6-6 ਘੰਟੇ ਚੱਲਦੇ ਤਾਂ 90 ਘੰਟੇ ਕੰਮ ਹੁੰਦਾ ਪਰ ਇਸ ਵਾਰ 81 ਘੰਟੇ ਕੰਮਕਾਰ ਹੋਇਆ ਹੀ ਨਹੀਂ। ਅਜਿਹੇ 'ਚ ਜਨਤਾ ਦੇ 120 ਕਰੋੜ ਰੁਪਏ ਵਧ ਰੁਪਏ ਬਰਬਾਦ ਹੋ ਗਏ।