ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਦੇ ਨਾਲ-ਨਾਲ ਇੱਕ ਹੋਰ ਹਾਦਸਾ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਤੇ ਕਹਿਰ ਬਣ ਟੁੱਟਿਆ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ਟ੍ਰੇਨ ਹਾਦਸੇ ਤੋਂ ਬਾਅਦ ਇਨ੍ਹਾਂ ਦੋ ਸੜਕ ਹਾਦਸਿਆਂ ਨੇ ਇੱਕ ਵਾਰ ਫਿਰ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਹੈ। ਲੌਕਡਾਊਨ ਤੋਂ ਅੱਕ ਘਰ ਮੁੜ ਰਹੇ ਪਰਵਾਸੀਆਂ ਨਾਲ ਇਹ ਦਰਦਨਾਕ ਹਾਦਸਾ ਮੱਧ ਪ੍ਰਦੇਸ਼ ਅਤੇ ਮੁਜ਼ੱਫਰਨਗਰ 'ਚ ਵਾਪਰਿਆ ਹੈ।ਇਨ੍ਹਾਂ ਸੜਕ ਹਾਦਸਿਆਂ 'ਚ 14 ਪ੍ਰਵਾਸੀ ਮਜ਼ਦੂਰਾਂ ਦੀ ਜਾਨ ਚਲੀ ਗਈ ਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ।


ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਗੁਨਾ ਕਸਬੇ ਨੇੜੇ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ 'ਚ ਅੱਠ ਪ੍ਰਵਾਸੀ ਮਜ਼ਦੂਰ ਮਾਰੇ ਗਏ ਤੇ ਲਗਪਗ 50 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ 3 ਵਜੇ ਤੋਂ 4 ਵਜੇ ਦੇ ਵਿਚਕਾਰ ਹੋਇਆ ਜਦੋਂ ਪੀੜਤ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਦੀ ਸਰਹੱਦ ਵੱਲ ਜਾ ਰਹੇ ਸਨ।



ਇਸ ਹਾਦਸੇ ਦੇ ਤੁਰੰਤ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕਿ ਬਚਾਅ ਕਾਰਜ ਸ਼ੁਰੂ ਕੀਤਾ ਤੇ ਜ਼ਖਮੀਆਂ ਨੂੰ ਨੇੜੇ ਦੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਬਚਾਅ ਕਾਰਜ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਬਾਅਦ ਵਿੱਚ ਕੋਵਿਡ-19 ਦੇ ਮੱਦੇਨਜ਼ਰ ਕੁਆਰੰਟੀਨ ਕਰ ਦਿੱਤਾ ਗਿਆ।



ਇੱਕ ਹੋਰ ਸੜਕ ਹਾਦਸੇ 'ਚ ਛੇ ਹਲਾਕ
ਉਧਰ, ਮੁਜ਼ੱਫਰਨਗਰ 'ਚ ਹੋਏ ਇੱਕ ਸੜਕ ਹਾਦਸੇ 'ਚ ਛੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਦਿੱਲੀ-ਸਹਾਰਨਪੁਰ ਹਾਈਵੇ 'ਤੇ ਤੇਜ਼ ਰਫਤਾਰ ਬੱਸ ਮਜ਼ਦੂਰਾਂ ਦੇ ਉੱਤੇ ਚੜ੍ਹ ਗਈ ਜੋ ਪੰਜਾਬ ਤੋਂ ਬਿਹਾਰ ਆਪਣੇ ਘਰਾਂ ਨੂੰ ਪੈਦਲ ਜਾ ਰਹੇ ਸਨ। ਇਸ ਹਾਦਸੇ 'ਚ ਛੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ।



ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਘਟਨਾ ਦੇ ਸਮੇਂ ਡਰਾਈਵਰ ਸ਼ਰਾਬ ਦੇ ਨਸ਼ੇ 'ਚ ਸੀ।ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ 25 ਸਾਲਾ ਬਿਜੇਂਦਰ ਤੇ 20 ਸਾਲਾ ਹਰਸ਼ ਵਜੋਂ ਹੋਈ ਹੈ। ਬਾਕੀਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ।