ਮੁਰੈਨਾ: ਨਾਜਾਇਜ਼ ਮਾਈਨਿੰਗ ਰਾਹੀਂ ਰੇਤ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਨੇ 15 ਜਾਨਾਂ ਲੈ ਲਈਆਂ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਹੋਇਆ। ਇੱਥੇ ਟਰੈਕਟਰ-ਟਰਾਲੀ ਦੀ ਜੀਪ ਨਾਲ ਜ਼ਬਰਦਸਤ ਟੱਕਰ ਤੋਂ ਬਅਦ 15 ਲੋਕਾਂ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ। ਉਹ ਹਸਪਤਾਲ 'ਚ ਜ਼ੇਰੇ ਇਲਾਜ ਹਨ।

ਮੁਰੈਨਾ 'ਚ ਲਗਾਤਾਰ ਗੈਰ-ਕਾਨੂੰਨੀ ਰੇਤ ਦਾ ਕੰਮ ਚੱਲ ਰਿਹਾ ਹੈ। ਗੈਰ-ਕਾਨੂੰਨੀ ਰੇਤ ਨਾਲ ਭਰੇ ਟਰੈਕਟਰ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣੀ ਲਪੇਟ 'ਚ ਲੈ ਰਹੇ ਹਨ। ਇੱਕ ਤਾਂ ਇਹ ਓਵਰਲੋਡ ਹੁੰਦੇ ਹਨ, ਦੂਜਾ ਇਹ ਅੰਨ੍ਹੇਵਾਹ ਭਜਾਉਂਦੇ ਹਨ।

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਗਵਾਲੀਅਰ ਜ਼ਿਲ੍ਹੇ ਦੇ ਬਡੇਰਾ ਪਿੰਡ 'ਚ ਤਕਰੀਬਨ 20 ਲੋਕ ਜੀਪ 'ਚ ਸਵਾਰ ਹੋ ਕੇ ਰਿਸ਼ਤੇਦਾਰ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਨ ਜਾ ਰਹੇ ਸਨ। ਅਚਾਨਕ ਅੱਗੋਂ ਆ ਰਹੇ ਰੇਤ ਨਾਲ ਭਰੇ ਟਰੈਕਟਰ ਟਰਾਲੀ ਨੇ ਜੀਪ ਨੂੰ ਟੱਕਰ ਮਾਰ ਦਿੱਤੀ।

ਟੱਕਰ ਇਨ੍ਹੀਂ ਜ਼ਬਰਦਸਤ ਸੀ ਕਿ ਜੀਪ ਨੇ ਕਈ ਵਾਰ ਪਲਟੀਆਂ ਖਾਧੀਆਂ। ਮੌਕੇ 'ਤੇ ਹਾਜ਼ਰ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਬਾਕੀ ਤਿੰਨ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।