ਨਵੀਂ ਦਿੱਲੀ: ਸਵਯੰਭੂ ਸੰਤ ਦਾਤੀ ਮਹਾਰਾਜ 'ਤੇ ਕਥਿਤ ਬਲਾਤਕਾਰ ਦੇ ਇਲਜ਼ਾਮਾਂ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਬਲਾਤਕਾਰ ਪੀੜਤਾ ਨੇ ਦੋਸ਼ ਲਾਇਆ ਕਿ ਦਾਤੀ ਮਹਾਰਾਜ ਨੇ ਸਿਰਫ ਮੇਰੇ ਨਾਲ ਹੀ ਨਹੀਂ ਕਈ ਹੋਰ ਕੁੜੀਆਂ ਨਾਲ ਵੀ ਦੁਸ਼ਕਰਮ ਕੀਤਾ ਹੈ। ਦੂਜੇ ਪਾਸੇ ਦਾਤੀ ਮਹਾਰਾਜ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਕਿ ਮੈਨੂੰ ਕਿਸੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਪੀੜਤਾ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਰੇ ਸਾਹਮਣੇ ਕਈ ਲੋਕ ਰਾਤ ਦੀ ਸੇਵਾ 'ਚ ਜਾਂਦੇ ਸਨ। ਪੀੜਤਾ ਨੇ ਇਹ ਵੀ ਦੱਸਿਆ ਕਿ ਆਸ਼ਰਮ ਦੀ ਮੁੱਖ ਡਾਇਰੈਕਟਰ ਹੀ ਕੁੜੀਆਂ ਲੈ ਕੇ ਜਾਂਦੀ ਸੀ। ਉਸ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਜਿਸ ਨੂੰ ਮੈਂ ਭਗਵਾਨ ਮੰਗਦੀ ਸੀ, ਉਹ ਅਜਿਹੀ ਗੰਦਗੀ ਦਿਮਾਗ 'ਚ ਸਮੋਈ ਬੈਠਾ ਹੈ। ਉਸ ਨੇ ਕਿਹਾ ਕਿ ਦਾਤੀ ਮਹਾਰਾਜ ਦੀ ਇਹ ਗਲਤੀ ਮਾਫੀ ਯੋਗ ਨਹੀਂ ਹੈ। ਉਸ ਨੇ ਦੱਸਿਆ ਕਿ ਦਾਤੀ ਮਹਾਰਾਜ ਨੇ ਮੇਰੇ ਤੋਂ ਕਈ ਤਰ੍ਹਾਂ ਦੇ ਦਸਤਾਵੇਜ਼ਾਂ 'ਤੇ ਦਸਤਖਤ ਕਰਵਾਏ ਸਨ। ਮੇਰਾ ਬ੍ਰੇਨਵਾਸ਼ ਕੀਤਾ ਗਿਆ ਸੀ। ਮੈਨੂੰ ਲੱਗ ਰਿਹਾ ਸੀ ਜੋ ਉਹ ਕਹਿ ਰਿਹਾ ਠੀਕ ਹੀ ਹੈ। ਉਸ ਨੇ ਕਿਹਾ ਕਿ ਜਦੋਂ ਮੈਂ ਆਪਣੇ ਮਾਪਿਆ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਮੈਨੂੰ ਹੌਸਲਾ ਦਿਤਾ। ਉਸ ਨੇ ਕਿਹਾ ਕਿ ਜੇਕਰ ਮੈਂ ਸ਼ਿਕਾਇਤ ਨਾ ਕਰਦੀ ਤਾਂ ਮੇਰਾ ਜ਼ਮੀਰ ਮੈਨੂੰ ਜਿਉਣ ਨਹੀਂ ਦੇ ਰਿਹਾ ਸੀ। ਦੂਜੇ ਪਾਸੇ ਪੀੜਤਾ ਦੇ ਦੋਸ਼ਾਂ 'ਤੇ ਦਾਤੀ ਮਹਾਰਾਜ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਉਨ੍ਹਾਂ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਬੇਟੀ ਬਚਾਓ ਬੇਟੀ ਪੜ੍ਹਾਓ ਲਈ ਪਿਛਲੇ 22 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਨਾਰੀ ਦਾ ਅਪਮਾਣ ਕਰਨਾ ਮੇਰੇ ਲਈ ਅਸੰਭਵ ਹੈ। ਉਸ ਨੇ ਕਿਹਾ ਕਿ ਮੈਂ ਭਗੌੜਾ ਨਹੀਂ ਹਾਂ ਹਰ ਵੇਲੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਜ਼ਿਕਰਯੋਗ ਹੈ ਕਿ ਦਾਤੀ ਮਹਾਰਾਜ ਤੋਂ ਮੰਗਲਵਾਰ ਨੂੰ ਪੁਲਿਸ ਨੇ ਤਕਰੀਬਨ 6 ਘੰਟੇ ਪੁੱਛਗਿਛ ਕੀਤੀ। ਪੀੜਤਾ ਨੇ ਦੋਸ਼ ਲਾਇਆ ਸੀ ਕਿ ਦਿੱਲੀ ਤੇ ਰਾਜਸਥਾਨ 'ਚ ਦਾਤੀ ਮਹਾਰਾਜ ਦੇ ਆਸ਼ਰਮਾਂ 'ਚ ਉਸ ਨਾਲ ਬਲਾਤਕਾਰ ਕੀਤਾ ਗਿਆ। ਹਾਲ ਹੀ 'ਚ ਦਿੱਲੀ ਮਹਿਲਾ ਕਮਿਸ਼ਨ ਨੇ ਦਾਤੀ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਰੱਖੀ ਸੀ। ਫਿਲਹਾਲ 'ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।