ਨਵੀਂ ਦਿੱਲੀ: ਦਿੱਲੀ ਦਾ ਆਵਾਜਾਈ ਵਿਭਾਗ 15 ਸਾਲ ਪੁਰਾਣੀ ਗੱਡੀਆਂ ਨੂੰ ਜ਼ਬਤ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਵਿਭਾਗ ਦੇ ਲੋਕ ਘਰ-ਘਰ ਜਾ ਕੇ 15 ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ ਨੂੰ ਜ਼ਬਤ ਕਰ ਕੇ ਕਬਾੜ ਵਿੱਚ ਸੁੱਟਣਗੇ। ਅਜਿਹੀਆਂ ਗੱਡੀਆਂ ਨੂੰ ਵੱਧ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਹਨ। ਇਸ ਕਾਰਵਾਈ ਦੌਰਾਨ ਦਿੱਲੀ ਵਿੱਚ ਸੈਕੇਂਡ ਹੈਂਡ ਗੱਡੀਆਂ ਦੀਆਂ ਕੀਮਤਾਂ ਕਾਫੀ ਘਟਣ ਦੀ ਆਸ ਹੈ, ਕਿਉਂਕਿ ਕੋਈ ਵੀ ਆਪਣੀ ਕਾਰ ਨੂੰ ਕਬਾੜ ਵਿੱਚ ਸੁੱਟਣ ਨਾਲੋਂ ਸਸਤੇ ਭਾਅ 'ਤੇ ਵੇਚਣਾ ਮੁਨਾਸਬ ਸਮਝੇਗਾ।

ਵਿਭਾਗ ਨੇ ਗੱਡੀਆਂ ਦੀ ਰਜਿਸਟ੍ਰੇਸ਼ਨ ਦੇ ਆਧਾਰ 'ਤੇ ਸੂਚੀਆਂ ਬਣਾ ਲਈਆਂ ਹਨ, ਜਿਸ ਮੁਤਾਬਕ 15 ਸਾਲ ਤੋਂ ਪੁਰਾਣੀਆਂ ਤਕਰੀਬਨ ਦੋ ਲੱਖ ਤੋਂ ਵੱਧ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਵਿਭਾਗ ਦੇ ਅਧਿਾਕਰੀ ਦਿੱਲੀ ਦੀਆਂ ਹਰ ਛੋਟੀਆਂ-ਵੱਡੀਆਂ ਕਾਲੋਨੀਆਂ ਵਿੱਚ ਜਾ ਕੇ ਛਾਣਬੀਣ ਕਰਨਗੇ। ਅਧਿਕਾਰੀਆਂ ਨੂੰ ਜੋ ਵੀ 15 ਸਾਲ ਤੋਂ ਪੁਰਾਣੀ ਗੱਡੀ ਦਿਖੀ, ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ।

ਆਵਾਜਾਈ ਵਿਭਾਗ, ਦਿੱਲੀ ਨਗਰ ਨਿਗਮ ਤੇ ਦਿੱਲੀ ਟ੍ਰੈਫਿਕ ਪੁਲਿਸ ਸੋਮਵਾਰ ਨੂੰ ਇਨ੍ਹਾਂ ਗੱਡੀਆਂ ਨੂੰ ਜ਼ਬਤ ਕਰਨ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਨੇ 10 ਸਾਲ ਪੁਰਾਣੀਆਂ ਗੱਡੀਆਂ ਨੂੰ ਦਿੱਲੀ ਤੋਂ ਬਾਹਰ ਚਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ ਅਤੇ 15 ਸਾਲ ਪੁਰਾਣੀਆਂ ਗੱਡੀਆਂ ਨੂੰ ਤੁਰੰਤ ਜ਼ਬਤ ਕਰਨ ਦੇ ਹੁਕਮ ਦਿੱਤੇ ਹਨਏ ਹਨ।

ਇਸ ਮੁਹਿੰਮ ਦੌਰਾਨ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਕਬਾੜ ਵਿੱਚ ਸੁੱਟਣ ਦੇ ਹੁਕਮ ਹਨ। ਇਸ ਤੋਂ ਇਲਾਵਾ ਉਨ੍ਹਾਂ ਬੀਐਸ-1 ਤੇ ਬੀਐਸ-2 ਵਾਹਨਾਂ ਨੂੰ ਵੀ ਕਬਾੜ ਵਿੱਚ ਸੁੱਟ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਐਨਓਸੀ ਜਾਰੀ ਨਹੀਂ ਕੀਤਾ ਜਾਵੇਗਾ। ਐਨਜੀਟੀ ਨੇ ਡੀਡੀਏ ਨੂੰ ਰਜਿਸਟ੍ਰੇਸ਼ਨ ਰੱਦ ਕੀਤੇ ਹੋਏ ਵਾਹਨਾਂ ਨੂੰ ਖੜ੍ਹਾਉਣ ਲਈ ਜਗ੍ਹਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।