ਕੋਇੰਬਟੂਰ: ਮਸ਼ਹੂਰ ਡਾਕੂ ਤੇ ਤਸਕਰ ਵੀਰੱਪਨ ਨੂੰ ਪੁਲਿਸ ਐਨਕਾਊਂਟਰ ਵਿੱਚ ਮਾਰੇ ਜਾਣ ਨੂੰ ਅੱਜ 14 ਸਾਲ ਹੋ ਗਏ ਹਨ, ਪਰ ਉਸ ਦੀ ਸੂਹ ਦੇਣ ਵਾਲੀ ਔਰਤ ਨੂੰ ਅੱਜ ਵੀ ਇਨਾਮ ਦੀ ਉਡੀਕ ਹੈ। ਕੋਇੰਬਟੂਰ ਦੇ ਵਡਾਵੱਲੀ ਦੀ ਐਮ ਸ਼ਨਮੁਗਪ੍ਰਿਆ ਨੇ ਵੀਰੱਪਨ ਦਾ ਖੁਰਾ ਖੋਜ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਵਿਸ਼ੇਸ਼ ਟਾਸਕ ਫੋਰਸ ਦੇ ਅਗਵਾਈ ਕਰਨ ਵਾਲੇ ਕੇ. ਵਿਜੇ ਕੁਮਾਰ ਤੇ ਐਨ.ਕੇ. ਸੇਨਥਮਾਰੀ ਕੰਨਨ ਨੇ ਸਾਲ 2004 ਵਿੱਚ ਵੀਰੱਪਨ ਦਾ ਐਨਕਾਊਂਟਰ ਕੀਤਾ ਸੀ। ਸੇਨਥਮਰੀ ਨੇ ਸ਼ਨਮੁਗਪ੍ਰਿਆ ਨੂੰ ਵੀਰੱਪਨ ਦੀ ਪਤਨੀ ਮੁੱਥੁਲਕਸ਼ਮੀ ਦੇ ਰਾਹੀਂ ਸੂਹ ਲਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਮੁੱਥੁਲਕਸ਼ਮੀ ਨੇ ਸ਼ਨਮੁਗਪ੍ਰਿਆ ਦੇ ਘਰ ਵਿੱਚ ਕਿਰਾਏ 'ਤੇ ਕਮਰਾ ਲਿਆ ਹੋਇਆ ਸੀ ਤੇ ਐਸਟੀਐਫ ਦੇ ਕਹਿਣ 'ਤੇ ਹੀ ਸ਼ਨਮੁਗਪ੍ਰਿਆ ਨੇ ਵੀਰੱਪਨ ਦੀ ਪਤਨੀ ਤੋਂ ਉਸ ਬਾਰੇ ਜ਼ਰੂਰੀ ਜਾਣਕਾਰੀ ਇਕੱਠੀ ਕੀਤੀ ਸੀ।
ਸ਼ਨਮੁਗਪ੍ਰਿਆ ਨੇ ਦੱਸਿਆ ਕਿ ਉਸ ਨੇ ਵੀਰੱਪਨ ਦੀ ਪਤਨੀ ਤੋਂ ਉਸ ਦੀ ਮੰਦੀ ਸਿਹਤ, ਘਟਦੀ ਨਿਗ੍ਹਾ ਤੇ ਜੰਗਲ ਵਿੱਚ ਉਸ ਦੇ ਟਿਕਾਣਿਆਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਐਸਟੀਐਫ ਨੂੰ ਦਿੱਤੀ ਸੀ। ਉਸ ਨੇ ਦੱਸਿਆ ਕਿ ਅਕਤੂਬਰ 2004 ਦੌਰਾਨ ਐਸਟੀਐਫ ਦੇ ਸੀਨੀਅਰ ਅਧਿਕਾਰੀਆਂ ਨੇ ਉਸ ਨੂੰ ਵੀਰੱਪਨ ਦੀ ਜਾਣਕਾਰੀ ਦੇਣ ਬਦਲੇ ਮੂੰਹ ਬਾਨੀ ਹੀ ਇਨਾਮ ਦਿੱਤੇ ਜਾਣ ਦਾ ਯਕੀਨ ਦਿਵਾਇਆ ਸੀ। ਸ਼ਨਮੁਗਪ੍ਰਿਆ ਨੇ ਕਿਹਾ ਕਿ ਉਸ ਨੇ ਪੁਲਿਸ ਵਿਭਾਗ ਲਈ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾਇਆ ਸੀ, ਪਰ ਕਿਸੇ ਨੇ ਇਸ ਦਾ ਮੁੱਲ ਨਹੀਂ ਪਾਇਆ।
ਉਸ ਨੇ ਦੱਸਿਆ ਕਿ ਕੰਮ ਪੂਰਾ ਹੋਣ ਤੋਂ 10 ਸਾਲ ਬਾਅਦ ਉਸ ਨੇ ਆਖ਼ਰ ਤਤਕਾਲੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਉਸ ਨੂੰ ਜਵਾਬ ਮਿਲਿਆ ਕਿ ਸੂਬਾ ਸਰਕਾਰ ਨੂੰ ਇਸ ਬਾਰੇ ਕਾਰਵਾਈ ਲਈ ਨਿਰਦੇਸ਼ਤ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵੀ ਉਸ ਦੇ ਹੱਥ ਪੱਲੇ ਕੁਝ ਨਹੀਂ ਪਿਆ। ਪੁਲਿਸ ਦੇ ਇੰਸਪੈਕਟਰ ਜਨਰਲ ਸੇਨਥਮਰੀ ਕੰਨਨ ਨੇ ਸ਼ਨਮੁਗਪ੍ਰਿਆ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਵੀਰੱਪਨ ਨੂੰ ਫੜਨ ਲਈ ਕਈ ਮੁਹਿੰਮਾਂ ਵਿੱਢੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸਾਰੀਆਂ ਮੁਹਿੰਮਾਂ ਨੂੰ ਸਫ਼ਲਤਾ ਨਹੀਂ ਸੀ ਮਿਲੀ।