ਨਵੀਂ ਦਿੱਲੀ : ਦਿੱਲੀ ਵਿੱਚ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸਾਂ ਦਾ ਸਾਹਮਣੇ ਕਰ ਰਹੇ ਸੱਜਣ ਕੁਮਾਰ ਦੀ ਅਦਾਲਤ ਨੇ ਝਾੜ ਝੰਬ ਕੀਤੀ ਹੈ। ਦਿੱਲੀ ਹਾਈ ਕੋਰਟ ਵਿੱਚ 1984 ਦੇ ਸਿੱਖ ਕਤਲੇਆਮ ਦੇ ਮਾਮਲੇ ’ਚ ਹੇਠਲੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਸੀਬੀਆਈ ਨੇ ਉਸ ਖ਼ਿਲਾਫ਼ ਅਪੀਲ ਦਾਖ਼ਲ ਕੀਤੀ ਹੋਈ ਹੈ। ਅਦਾਲਤ ਨੇ ਸੱਜਣ ਕੁਮਾਰ ਵੱਲੋਂ ਮਾਮਲੇ ਨੂੰ ਦੂਜੀ ਬੈਂਚ ਹਵਾਲੇ ਕਰਨ ਦੀ ਮੰਗ ’ਤੇ ਵਰ੍ਹਦਿਆਂ ਕਿਹਾ,‘‘ਸਾਨੂੰ ਸਮਝ ਨਹੀਂ ਪੈਂਦੀ ਕਿ ਤੁਸੀਂ ਕੇਸ ਦੀ ਸੁਣਵਾਈ ਕਿਉਂ ਨਹੀਂ ਚਾਹੁੰਦੇ।’’
ਕਾਂਗਰਸ ਆਗੂ ਦੇ ਵਕੀਲ ਨੇ ਜਸਟਿਸ ਗੀਤਾ ਮਿੱਤਲ ਅਤੇ ਪੀ ਐਸ ਤੇਜੀ ਦੀ ਬੈਂਚ ਨੂੰ ਦੱਸਿਆ ਕਿ ਇਹ ਕੇਸ ਹਾਈ ਕੋਰਟ ਦੀ ਦੂਜੀ ਬੈਂਚ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਜਸਟਿਸ ਤੇਜੀ ਨੇ ਹੇਠਲੀ ਅਦਾਲਤ ਦੇ ਜੱਜ ਰਹਿੰਦਿਆਂ ਇਸ ਕੇਸ ਦੀ ਸੁਣਵਾਈ ਕੀਤੀ ਸੀ ਅਤੇ ਉਹ ਇਸ ਮਾਮਲੇ ’ਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ। ਬੈਂਚ ਨੇ ਸੱਜਣ ਦੇ ਵਕੀਲ ਨੂੰ ਕਿਹਾ ਕਿ ਤੁਸੀਂ ਇਹ ਕਿਵੇਂ ਆਖਿਆ ਕਿ ਮਾਮਲੇ ’ਚ ਵਧੇਰੇ ਦਿਲਚਸਪੀ ਦਿਖਾਈ ਜਾ ਰਹੀ ਹੈ? ਜੇਕਰ ਅਦਾਲਤ ਕੇਸ ਦੀ ਸੁਣਵਾਈ ਉਪਰ ਜ਼ੋਰ ਪਾ ਰਹੀ ਹੈ ਤਾਂ ਇਸ ਇਹ ਮਤਲਬ ਨਹੀਂ ਕਿ ਦਿਲਚਸਪੀ ਦਿਖਾਈ ਜਾ ਰਹੀ ਹੈ।’’ ਬੈਂਚ ਨੇ ਕਿਹਾ ਕਿ ਉਹ ਸਿਰਫ਼ ਕਾਨੂੰਨ ਦਾ ਪਾਲਣ ਕਰਨਗੇ।
ਇਸ ’ਤੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਉਹ ਇਸ ਬਾਬਤ ਢੁੱਕਵੀਂ ਅਰਜ਼ੀ ਦਾਖਲ ਕਰੇਗਾ। ਬੈਂਚ ਨੇ ਹੋਰ ਮੁਲਜ਼ਮਾਂ ਵੱਲੋਂ ਪੇਸ਼ ਹੋਏ ਵਕੀਲਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਵੀ ਅਦਾਲਤ ਤੋਂ ਇਨਸਾਫ਼ ਬਾਰੇ ਕੋਈ ਖ਼ਦਸ਼ਾ ਹੈ ਤਾਂ ਵਕੀਲਾਂ ਨੇ ਕਿਹਾ ਕਿ ਇਸੇ ਬੈਂਚ ਨੂੰ ਹੀ ਕੇਸ ਦੀ ਸੁਣਵਾਈ ਕਰਨੀ ਚਾਹੀਦੀ ਹੈ।
ਬੈਂਚ ਨੇ ਸੱਜਣ ਕੁਮਾਰ ਦੇ ਵਕੀਲ ਨੂੰ ਅਰਜ਼ੀ ਦਾਖ਼ਲ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਅਤੇ ਕੇਸ ਦੀ ਸੁਣਵਾਈ 3 ਅਕਤੂਬਰ ਲਈ ਮੁਲਤਵੀ ਕਰ ਦਿੱਤੀ। ਬੈਂਚ ਨੇ ਸੀਬੀਆਈ ਦੇ ਵਕੀਲ ਆਰ ਐਸ ਚੀਮਾ ਨੂੰ ਵੀ ਕੇਸ ’ਚ ਦੇਰੀ ਦੇ ਕਾਰਨਾਂ ਦੀ ਜਾਣਕਾਰੀ ਮੰਗੀ। ਉਨ੍ਹਾਂ ਕਿਹਾ ਕਿ ਕੇਸ ਦੀ ਐਫਆਈਆਰ 2005 ’ਚ ਦਰਜ ਕੀਤੀ ਗਈ ਸੀ ਅਤੇ ਇਨ੍ਹਾਂ ਪੰਜ ਹੱਤਿਆਵਾਂ ਦਾ ਮਾਮਲਾ ਕਦੇ ਵੀ ਸਹੀ ਢੰਗ ਨਾਲ ਪੜਤਾਲਿਆ ਨਹੀਂ ਗਿਆ।