ਸ੍ਰੀਨਗਰ : ਸ੍ਰੀਨਗਰ ਤੋਂ 100 ਕਿਲੋਮੀਟਰ ਦੂਰ ਜੰਮੂ-ਕਸ਼ਮੀਰ ਦੇ ਉੜੀ ਵਿੱਚ ਸੈਨਾ ਬ੍ਰਿਗੇਡ ਦੇ ਹੈੱਡਕੁਆਟਰ 'ਤੇ ਹੋਏ ਹਮਲੇ ਵਿੱਚ 18 ਜਵਾਨ ਸ਼ਹੀਦ ਹੋ ਗਏ ਜਦਕਿ 18 ਜ਼ਖਮੀ ਹਨ। ਇਸ ਹਮਲੇ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਇਸ ਦੀ ਖੂਬ ਨਿੰਦਾ ਹੋ ਰਹੀ ਹੈ। ਖੇਡ ਜਗਤ ਦੇ ਇਸ ਸਿਤਾਰਿਆਂ ਨੇ ਇਨ੍ਹਾਂ ਸ਼ਹੀਦਾਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ।
ਮਾਸਟਰ ਬਲਾਸਟਰ ਸਚਿਨ ਤੇਂਦਲੁਕਰ ਨੇ ਉੜੀ ਅਟੈਕ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਟਵਿਟਰ 'ਤੇ ਸ਼ਰਧਾਂਜਲੀ ਦਿੰਦੇ ਕਿਹਾ, 'ਦੇਸ਼ ਅਤੇ ਸਾਡੇ ਜੀਵਨ ਦੀ ਰੱਖਿਆ ਕਰਨ ਵਾਲੇ ਇਨ੍ਹਾਂ ਸ਼ਹੀਦਾਂ ਲਈ ਮੈਂ ਦਿਲ ਤੋਂ ਨਮਨ ਕਰਦਾ ਹਾਂ। ਉਨ੍ਹਾਂ ਲਈ ਮੈਂ ਸ਼ਾਂਤੀ ਦੀ ਪ੍ਰਾਰਥਨਾ ਕਰਦਾ ਹਾਂ।'
ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ,'ਉੜੀ ਅਟੈਕ ਵਿੱਚ ਜਵਾਨਾਂ ਦੀ ਸ਼ਹਾਦਤ ਬਾਰੇ ਸੁਣ ਕੇ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰਾਂ ਲਈ ਮੇਰਾ ਦਿਲ ਬਹੁਤ ਦੁਖੀ ਹੈ। ਈਸ਼ਵਰ ਨੂੰ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਨੂੰ ਸ਼ਕਤੀ ਦੇਵੇ।'
ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਵੀਰੇਂਦਰ ਸਹਿਵਾਗ ਨੇ ਟਵੀਟ ਕਰ ਕਿਹਾ,'17 ਜਿੰਦਗੀਆਂ, ਉਨ੍ਹਾਂ ਦੇ ਪਰਿਵਾਰ ਸਨ, ਉਨ੍ਹਾਂ ਦੇ ਬੱਚੇ ਸਨ, ਫਿਰ ਵੀ ਉਹ ਮਾਤਰਭੂਮੀ ਦੀ ਸੇਵਾ ਕਰ ਰਹੇ ਸਨ... ਇਹ ਸੁਣ ਕੇ ਦੁਖ ਹੋ ਰਿਹਾ ਹੈ।'
ਟੀਮ ਇੰਡੀਆ ਦੇ ਮੌਜੂਦਾ ਟੈਸਟ ਕਪਤਾਨ ਵਿਰਾਟ ਕੋਹਲੀ ਵੀ ਉੜੀ ਹਮਲੇ ਤੋਂ ਬਹੁਤ ਦੁਖੀ ਹਨ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੁਖ ਪ੍ਰਕਟ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਨਾਲ ਜੋ ਮੇਰੇ ਅੰਦਰ ਭਾਵਨਾਵਾਂ ਪੈਦਾ ਹੋ ਰਹੀਆਂ ਹਨ, ਉਨ੍ਹਾਂ ਨੂੰ ਬਿਆਨ ਨਹੀਂ ਕਰ ਸਕਦਾ, ਸਾਰੇ ਜਵਾਨਾਂ ਨੂੰ ਜੈ ਹਿੰਦ।
ਟੀਮ ਇੰਡੀਆਂ ਤੋਂ ਬਾਹਰ ਚੱਲ ਰਹੇ ਓਪਨਰ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ, 'ਇਹ ਸਾਰੇ 17 ਬਾਇਓਪਿਕ ਦੇ ਲਾਇਕ ਹਨ ਨਾ ਕਿ ਕੋਈ ਕ੍ਰਿਕਟਰ। ਇਨ੍ਹਾਂ ਤੋਂ ਚੰਗਾ ਪ੍ਰੇਰਨਾ ਦਾ ਸ੍ਰੋਤ ਹੋਰ ਕੋਈ ਨਹੀਂ ਹੋ ਸਕਦਾ ਜੋ ਜਵਾਨੀ ਵਿੱਚ ਹੀ ਦੇਸ਼ ਲਈ ਆਪਣੀ ਜਾਣ ਨਿਛਾਵਰ ਕਰ ਦਿੰਦੇ ਹਨ।'