ਨਵੀਂ ਦਿੱਲੀ : ਉੜੀ ਅੱਤਵਾਦੀ ਹਮਲੇ ਵਿੱਚ 17 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਜ਼ਮੀਨ ਤੋਂ ਲੈ ਕੇ ਸੋਸ਼ਲ ਮੀਡੀਆ 'ਤੇ ਆਮ ਤੇ ਖਾਸ ਲੋਕਾਂ ਵਿੱਚ ਕਾਫੀ ਦੁੱਖ ਤੇ ਗੁੱਸਾ ਹੈ। ਦੇਸ਼ ਅੱਤਵਾਦ ਤੇ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਆਖਰ ਇਸ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰ 'ਤੇ ਉੱਚ ਪੱਧਰੀ ਮੀਟਿੰਗ ਸੱਦੀ। ਮੀਟਿੰਗ ਵਿੱਚ ਸਾਰੀਆਂ ਰਣਨੀਤੀਆਂ 'ਤੇ ਚਰਚਾ ਹੋਈ ਤੇ ਇਸ ਗੱਲ 'ਤੇ ਸਹਮਤੀ ਬਣੀ ਕਿ ਸਹੀ ਸਮਾਂ ਆਉਣ 'ਤੇ ਸਹੀ ਫੈਸਲਾ ਲਿਆ ਜਾਵੇਗਾ।

ਪ੍ਰਧਾਨ ਮੰਤਰੀ ਦੇ ਘਰ 'ਤੇ ਕਰੀਬ ਡੇਢ ਘੰਟਾ ਚੱਲੀ ਬੈਠਕ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਮਨੋਹਰ ਪਰੀਕਰ ਤੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਇਲਾਵਾ ਐਨ.ਐਸ.ਏ. ਚੀਫ ਤੇ ਸੈਨਾ ਪ੍ਰਮੁੱਖ ਤੇ ਸਰਕਾਰ ਦੇ ਦੂਜੇ ਆਲਾ ਅਧਿਕਾਰੀਆਂ ਨੇ ਹਾਲਾਤ 'ਤੇ ਚਰਚਾ ਕੀਤੀ। ਸੈਨਾ ਮੁਖੀ ਦਲਬੀਰ ਸਿੰਘ ਸੁਹਾਗ ਤੇ ਐਨ.ਐਸ.ਏ. ਚੀਫ ਅਜੀਤ ਡੋਭਾਲ ਨੇ ਬੈਠਕ ਵਿੱਚ ਕਿਹਾ ਕਿ ਪਾਕਿਸਤਾਨ ਜਿਸ ਤਰ੍ਹਾਂ ਅੱਤਵਾਦੀ ਭੇਜ ਰਿਹਾ ਹੈ, ਉਸ ਦੇ ਜਵਾਬ ਵਿੱਚ ਜ਼ੋਰਦਾਰ ਆਪਰੇਸ਼ਨ ਚਲਾਇਆ ਜਾਵੇ।

ਥਲ ਸੈਨਾ ਮੁਖੀ ਨੇ ਇਹ ਕਿਹਾ ਕਿ ਸੈਨਾ ਨਿਰਦੇਸ਼ ਦਾ ਇੰਤਜ਼ਾਰ ਕਰ ਰਹੀ ਹੈ। ਸੈਨਾ ਮੁਖੀ ਦਾ ਕਹਿਣਾ ਸੀ ਕਿ ਜੇਕਰ ਨਿਰਦੇਸ਼ ਮਿਲਦਾ ਹੈ ਤਾਂ ਸੈਨਾ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਹੈ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਸਾਹਮਣੇ ਸ਼ਾਰਟ ਟਰਮ ਤੇ ਲੌਂਗ ਟਰਮ ਦੋਹਾਂ ਤਰ੍ਹਾਂ ਦੀ ਰਣਨੀਤੀ ਰੱਖੀ ਗਈ। ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਖਤਮ ਕਰਨ ਨੂੰ ਲੈ ਕੇ ਆਪਰੇਸ਼ਨ ਚਲਾਉਣ ਦੀ ਜ਼ਰੂਰਤ ਦੱਸੀ ਗਈ।
 

ਸੂਤਰਾਂ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਯੂ.ਐਨ. ਅਸੈਂਬਲੀ ਦੇ ਆਪਣੇ ਭਾਸ਼ਨ ਵਿੱਚ ਉਸ ਗੱਲ ਦਾ ਜ਼ਿਕਰ ਕਰ ਸਕਦੀ ਹੈ ਜਿਸ ਦਾ ਜ਼ਿਕਰ ਕੱਲ੍ਹ ਰਾਜਨਾਥ ਸਿੰਘ ਨੇ ਕੀਤਾ ਸੀ ਕਿ ਪਾਕਿਸਤਾਨ ਇੱਕ ਅੱਤਵਾਦੀ ਦੇਸ਼ ਹੈ ਤੇ ਉਸ ਨੂੰ ਵੱਖ ਕਰਨ ਦੀ ਲੋੜ ਹੈ।