ਨਵੀਂ ਦਿੱਲੀ: ਦਿੱਲੀ ਵਿੱਚ ਉਪ ਰਾਜਪਾਲ ਨਜੀਬ ਜੰਗ ਨਾਲ ਮਿਲਣ ਪਹੁੰਚੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਐਲ.ਜੀ. ਦੇ ਘਰ ਬਾਹਰ ਸਿਆਹੀ ਸੁੱਟ ਗਈ ਹੈ। ਮਨੀਸ਼ ਉਸ ਸਮੇਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ਕਿ ਉਸ ਵੇਲੇ ਪਿੱਛੇ ਤੋਂ ਕਿਸੇ ਨੇ ਉਨ੍ਹਾਂ 'ਤੇ ਸਿਆਹੀ ਸੁੱਟ ਦਿੱਤੀ।
ਸਿਆਹੀ ਸੁੱਟਣ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਕਾਂਗਰਸ ਤੇ ਬੀ.ਜੇ.ਪੀ. 'ਤੇ ਨਿਸ਼ਾਨਾ ਸਾਧਿਆ। ਸਿਸੋਦੀਆ ਨੇ ਕਿਹਾ, 'ਇੱਕ ਪਾਸੇ ਆਮ ਆਦਮੀ ਪਾਰਟੀ ਹੈ ਜੋ ਦਿੱਲੀ ਵਿੱਚ ਸਿਹਤ ਤੇ ਸਿੱਖਿਆ 'ਤੇ ਕੰਮ ਕਰ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ-ਭਾਜਪਾ ਹੈ ਜੋ ਸਿਆਹੀ ਸੁੱਟਣ ਦੇ ਕੰਮ ਕਰ ਰਹੀ ਹੈ।'
ਸਿਸੋਦੀਆ ਨੇ ਅੱਗੇ ਕਿਹਾ, 'ਕਾਂਗਰਸ ਤੇ ਭਾਜਪਾ ਨੂੰ ਦਿੱਲੀ ਦੀ ਜਨਤਾ ਤੋਂ ਕੁਝ ਲੈਣਾ-ਦੇਣਾ ਨਹੀਂ। ਇਨ੍ਹਾਂ ਦਾ ਕੰਮ ਤਾਂ ਬੱਸ ਜੋ ਦਿੱਲੀ ਵਿੱਚ ਸਿਹਤ ਤੇ ਸਿੱਖਿਆ 'ਤੇ ਜੋ ਕੰਮ ਹੋ ਰਿਹਾ ਹੈ, ਉਸ ਨੂੰ ਰੋਕਣਾ ਹੈ।' ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਬੱਸ ਘਟੀਆ ਰਾਜਨੀਤੀ ਕਰਨੀ ਹੈ।
ਦੱਸਣਯੋਗ ਹੈ ਕਿ ਦਿੱਲੀ ਵਿੱਚ ਡੇਂਗੂ ਤੇ ਚਿਕਨਗੁਨੀਆ ਨਾਲ ਮਰ ਰਹੇ ਲੋਕਾਂ ਦੀ ਵਜ੍ਹਾ ਨਾਲ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇਸ ਤੋਂ ਪਹਿਲਾਂ ਫਿਨਲੈਂਡ ਦੇ ਦੌਰੇ ਤੋਂ ਵਾਪਸ ਪਰਤੇ ਸਿਸੋਦੀਆ ਨੇ ਟਵੀਟ ਕਰ ਐਲ.ਜੀ. ਨਜੀਬ ਜੰਗ 'ਤੇ ਨਿਸ਼ਾਨਾ ਸਾਧਿਆ। ਸਿਸੋਦੀਆ ਨੇ ਟਵੀਟ ਕਰ ਕਿਹਾ, 'ਉਨ੍ਹਾਂ ਦੀ ਯਾਤਰਾ ਨਾਲ ਜਿਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਉਹ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਹਾਲਾਤ 'ਤੇ ਚਿੰਤਾ ਕਰੇ।'