ਨਵੀਂ ਦਿੱਲੀ : ਦੇਸ਼ ਇੱਕ ਵਾਰ ਫਿਰ ਦਹਿਲ ਉੱਠਿਆ ਹੈ। ਇੱਕ ਵਾਰ ਫਿਰ ਸਰਹੱਦ ਪਾਰ ਤੋਂ ਆਏ 4 ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਮੌਜੂਦ ਆਰਮੀ ਬੇਸ ਨੂੰ ਆਪਣਾ ਨਿਸ਼ਾਨ ਬਣਾਇਆ। ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਐਲ.ਓ.ਸੀ. ਤੋਂ 16 ਅੱਤਵਾਦੀ ਭਾਰਤ ਵਿੱਚ ਘੁੱਸੇ ਸਨ। ਇਹ ਅੱਤਵਾਦੀ ਤਿੰਨ ਹਿੱਸਿਆਂ ਵਿੱਚ ਵੰਡੇ ਗਏ ਤੇ ਇਨ੍ਹਾਂ ਵਿੱਚੋਂ ਹੀ ਇੱਕ ਗੁੱਟ ਨੇ ਉੜੀ 'ਤੇ ਹਮਲਾ ਕੀਤਾ। ਸੂਤਰਾਂ ਦੇ ਮੁਤਾਬਕ ਘੁਸਪੈਠੀਏ ਅੱਤਵਾਦੀਆਂ ਦਾ ਇੱਕ ਗੁੱਟ ਵੱਡੇ ਹਮਲੇ ਦੇ ਇਰਾਦੇ ਨਾਲ ਪੁਣਛ ਵੱਲ ਗਿਆ ਤਾਂ ਦੂਜਾ ਗੁੱਟ ਸ੍ਰੀਨਗਰ ਵੱਲ ਚਲਾ ਗਿਆ। ਉੜੀ ਹਮਲੇ ਵਿੱਚ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ 4-4 ਦੇ ਗਰੁੱਪ ਵਿੱਚ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਤੋਂ ਆਏ 12 ਅੱਤਵਾਦੀ ਘੁੰਮ ਰਹੇ ਹਨ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਹੋਏ ਇਸ ਅੱਤਵਾਦੀ ਹਮਲੇ ਵਿੱਚ 17 ਜਵਾਨ ਸ਼ਹੀਦ ਹੋਏ ਸੀ। ਸ਼ਹੀਦ ਜਵਾਨਾਂ ਵਿੱਚੋਂ 15 ਬਿਹਾਰ ਰੈਜੀਮੈਂਟ ਦੇ ਤੇ 2 ਡੋਗਰਾ ਰੈਜ਼ੀਮੈਂਟ ਦੇ ਸਨ। 19 ਜਵਾਨ ਹਾਲੇ ਵੀ ਜ਼ਖਮੀ ਹਨ। ਅੱਜ ਸ਼ਹੀਦਾਂ ਨੂੰ ਸ੍ਰੀਨਗਰ ਵਿੱਚ ਸ਼ਰਧਾਜ਼ਲੀ ਦਿੱਤੀ ਜਾਵੇਗੀ। ਉਸ ਤੋਂ ਬਾਅਦ ਸ਼ਹੀਦਾਂ ਦੇ ਸਰੀਰ ਨੂੰ ਦਿੱਲੀ ਲਿਆਂਦਾ ਜਾਵੇਗਾ।ਜਵਾਬੀ ਕਾਰਵਾਈ ਵਿੱਚ ਚਾਰ ਅੱਤਵਾਦੀਆਂ ਨੂੰ ਮਾਰਿਆ ਗਿਆ ਸੀ। ਸਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਸਨ।