ਚੰਡੀਗੜ੍ਹ : ਕਸ਼ਮੀਰ ਦੇ ਉੜੀ ਵਿੱਚ ਦਹਿਸ਼ਤਗਰਦ ਹਮਲੇ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪੂਰੇ ਸੂਬੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਖ਼ਾਸ ਤੌਰ ਉੱਤੇ ਪਾਕਿਸਤਾਨ ਦੀ ਸੀਮਾ ਨਾਲ ਲੱਗਦੇ ਸੂਬੇ ਦੇ ਇਲਾਕਿਆਂ ਵਿੱਚ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਹੋਰ ਕਰੜੀ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਪੰਜਾਬ ਵਿੱਚ ਪੈਂਦੀਆਂ ਤਿੰਨ ਰੀਟ੍ਰੀਟ ਸੈਰਾਮਨੀ ਵਾਲੀਆਂ ਥਾਵਾਂ ਅਟਾਰੀ, ਹੁਸੈਨੀਵਾਲਾ, ਅਤੇ ਸਦੀਕੀ ਵਿਖੇ ਬੀ ਐਸ ਐਫ ਨੇ ਚੌਕਸੀ ਵਿੱਚ ਵਾਧਾ ਕਰ ਦਿੱਤਾ ਹੈ।


ਹਮਲੇ ਤੋਂ ਬਾਅਦ ਪੰਜਾਬ ਵਿੱਚ ਭੀੜ ਵਾਲੀਆਂ ਥਾਵਾਂ ਜਿਨ੍ਹਾਂ ਵਿੱਚ ਬੱਸ ਸਟੈਂਡ ਅਤੇ ਰੇਲ ਸਟੇਸ਼ਨ ਉੱਤੇ ਚੌਕਸੀ ਕਰੜੀ ਕਰਨ ਦੇ ਹੁਕਮ ਦਿੱਤੇ ਗਏ ਹਨ। ਯਾਦ ਰਹੇ ਕਿ ਦਹਿਸ਼ਤਗਰਦ ਨੇ ਉੜੀ ਵਿੱਚ ਸੈਨਾ ਦੇ ਹੈੱਡਕੁਆਟਰ ਉੱਤੇ ਪਠਾਨਕੋਟ ਏਅਰ ਬੇਸ ਵਾਂਗ ਹਮਲਾ ਕੀਤਾ ਹੈ। ਚਾਰ ਦਹਿਸ਼ਤਗਰਦਾਂ ਨੇ ਸੈਨਾ ਦੇ ਕੈਂਪ ਦੇ ਅੰਦਰ ਦਾਖਲ ਹੋ ਕੇ ਫਾਇਰਿੰਗ ਕੀਤੀ ਜਿਸ ਵਿੱਚ 20 ਦੇ ਕਰੀਬ ਸੈਨਿਕ ਸ਼ਹੀਦ ਹੋ ਗਏ।

ਜਵਾਬੀ ਕਾਰਵਾਈ ਵਿੱਚ ਚਾਰੋ ਦਹਿਸ਼ਤਗਰਦ ਮਾਰੇ ਗਏ ਹਨ। ਸਾਰੇ ਦਹਿਸ਼ਤਗਰਦ ਪਾਕਿਸਤਾਨ ਦੇ ਰਹਿਣ ਵਾਲੇ ਸਨ। ਇਸ ਹਮਲੇ ਤੋਂ ਬਾਅਦ ਸਰਕਾਰ ਉੱਤੇ ਪਾਕਿਸਤਾਨ ਉੱਤੇ ਜਵਾਬੀ ਕਾਰਵਾਈ ਕਰਨ ਦਾ ਦਾਅਵਾ ਵਧਦਾ ਜਾ ਰਿਹਾ ਹੈ।