ਨਵੀਂ ਦਿੱਲੀ/ਕੋਲਕਾਤਾ: ਉੜੀ ਅੱਤਵਾਦੀ ਹਮਲੇ ਵਿੱਚ 17 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਸ਼ ਗੁੱਸੇ ਵਿੱਚ ਹੈ। ਇਸ ਦੁੱਖ ਤੇ ਗੁੱਸੇ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਵੀ ਸ਼ਰੀਕ ਹੋਏ। ਉੜੀ ਹਮਲੇ ਦੀ ਕਰੜੀ ਨਿੰਦਾ ਕਰਦੇ ਹੋਏ ਰਾਮਦੇਵ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਨ ਦੀ ਵਕਾਲਤ ਕੀਤੀ। ਕੋਲਕਾਤਾ ਵਿੱਚ ਬਾਬਾ ਰਾਮਦੇਵ ਨੇ ਕਿਹਾ, 'ਹੁਣ ਹਮਲੇ ਦਾ ਸਮਾਂ ਆ ਗਿਆ ਹੈ। ਭਾਰਤ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।'

ਇਸ ਦੇ ਨਾਲ ਹੀ ਬਾਬਾ ਰਾਮਦੇਵ ਨੇ ਕਿਹਾ ਕਿ ਮੋਦੀ ਨੂੰ ਹੁਣ ਸਿਰਫ਼ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ, 'ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਦੇ ਨਾਜ਼ਾਇਜ ਕਬਜ਼ੇ ਵਾਲੇ ਕਸ਼ਮੀਰ ਵਿੱਚ ਘੁੱਸੋ ਤੇ ਉੱਥੇ ਸਾਰੇ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਖਤਮ ਕਰ ਦਿੱਤਾ ਜਾਵੇ।'

ਇਸ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਸ਼ਾਂਤੀ ਤੇ ਯੁੱਧ ਦੋਹਾਂ ਦੀ ਨੀਤੀ ਅਪਣਾਉਣ ਦੀ ਅਪੀਲ ਕਰਦੇ ਹੋਏ ਟਵੀਟ ਕੀਤਾ,'ਹੁਣ ਦੇਸ਼ ਵਿੱਚ ਅਹਿੰਸਾ ਦੇ ਨਾਲ, ਵੀਰਤਾ ਦੀ ਗੱਲ ਵੀ ਕਰਨੀ ਹੋਵੇਗੀ। ਮੋਦੀ ਜੀ ਨੂੰ ਬੁੱਧ ਅਤੇ ਯੁੱਧ, ਦੋਹਾਂ ਦਾ ਸੰਤੁਲਨ ਕਰਨਾ ਹੋਵੇਗਾ।'