ਚੁਰਾਸੀ ਕਤਲੇਆਮ: ਟਾਈਟਲਰ ਮੁੜ ਆਇਆ ਦਿੱਲੀ ਅਦਾਲਤ ਦੇ ਕਟਿਹਰੇ 'ਚ
ਏਬੀਪੀ ਸਾਂਝਾ | 17 Jan 2018 01:17 PM (IST)
ਨਵੀਂ ਦਿੱਲੀ: ਅੱਜ ਦਿੱਲੀ ਅਦਾਲਤ ਨੇ ਸਿੱਖ ਕਤਲੇਆਮ ਦੇ ਮਾਮਲਿਆਂ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਵਿਰੁੱਧ ਸੁਣਵਾਈ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਟਾਈਟਲਰ ਵਿਰੁੱਧ ਇਹ ਸੁਣਵਾਈ ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਚਰਨ ਸਿੰਘ ਦੇ ਕਤਲ ਮਾਮਲਿਆਂ ਵਿੱਚ ਸ਼ੁਰੂ ਕੀਤੀ ਗਈ ਹੈ। ਉਕਤ ਤਿੰਨ ਸਿੱਖਾਂ ਨੂੰ 1 ਨਵੰਬਰ, 1984 ਨੂੰ ਉੱਤਰੀ ਦਿੱਲੀ ਦੇ ਗੁਰਦੁਆਰਾ ਪੁਲਬੰਗਸ਼ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਭੜਕੀ ਹਿੰਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਅਕਤੂਬਰ 2017 ਵਿੱਚ ਦਿੱਲੀ ਅਦਾਲਤ ਨੇ ਇਸ ਕੇਸ ਦੇ ਚਸ਼ਮਦੀਦ ਗਵਾਹ ਅਭਿਸ਼ੇਕ ਵਰਮਾ ਨੂੰ ਝੂਠ ਫੜਨ ਵਾਲੀ ਜਾਂਚ ਯਾਨੀ ਲਾਇ ਡਿਟੈਕਟਰ ਟੈਸਟ ਕਰਵਾਉਣ ਲਈ ਵਕੀਲ ਬੀ.ਐਸ. ਜੂਨ ਨੂੰ ਕੋਰਟ ਕਮਿਸ਼ਨਰ ਥਾਪਿਆ ਸੀ। ਵਰਮਾ ਨੇ ਦਿੱਲੀ ਪੁਲਿਸ ਕੋਲ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ। ਵਰਮਾ ਨੂੰ ਈ-ਮੇਲ ਮਿਲੀ ਸੀ ਕਿ ਉਸ ਨੂੰ ਦੇਸ਼ ਭਗਤੀ ਤਿਆਗ ਕੇ ਟਾਈਟਲਰ ਵਿਰੁੱਧ ਗਵਾਹੀ ਲਈ ਪੌਲੀਗ੍ਰਾਫ (ਝੂਠ ਫੜਨ ਵਾਲਾ) ਟੈਸਟ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ, ਨਹੀਂ ਤਾਂ ਉਸ ਨੂੰ ਮੌਤ ਦਾ ਸਾਹਮਣਾ ਕਰਨਾ ਪਵੇਗਾ। ਗਵਾਹ ਵਰਮਾ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਸੀ ਕਿ ਉਸ ਦੀ ਸੁਰੱਖਿਆ ਵਧਾਈ ਜਾਵੇ ਕਿਉਂਕਿ ਇਹ ਗੰਭੀਰ ਮਸਲਾ ਹੈ ਤੇ ਮੁਲਜ਼ਮ (ਜਗਦੀਸ਼ ਟਾਈਟਲਰ) ਦੇ ਅੰਡਰਵਰਲਡ ਨਾਲ ਸਬੰਧ ਹੋਣ ਕਾਰਨ ਇਸ ਧਮਕੀ ਬਾਰੇ ਛੇਤੀ ਐਫ.ਆਈ.ਆਰ. ਦਰਜ ਕੀਤੀ ਜਾਵੇ। ਅਭਿਸ਼ੇਕ ਨੇ ਇਲਜ਼ਾਮ ਲਾਏ ਕਿ ਜਦੋਂ ਤੋਂ ਉਸ ਨੇ ਟਾਈਟਲਰ ਵਿਰੁੱਧ ਗਵਾਹੀ ਦੇਣ ਦਾ ਐਲਾਨ ਕੀਤਾ ਹੈ ਜਗਦੀਸ਼ ਤੇ ਉਸ ਦੇ ਸ਼ੁਭਚਿੰਤਕ ਉਸ ਨੂੰ ਲਗਾਤਾਰ ਧਮਕਾਉਂਦੇ ਆ ਰਹੇ ਹਨ।