ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਐਤਵਾਰ ਨੂੰ ਦੋ ਹੋਰ ਮੌਤਾਂ ਹੋਣ ਨਾਲ ਦੇਸ਼ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ 25 ਹੋ ਗਈ ਹੈ। ਅਹਿਮਦਾਬਾਦ ਵਿੱਚ ਇੱਕ 45 ਸਾਲਾ ਵਿਅਕਤੀ ਦੀ ਮੌਤ ਹੋਈ ਹੈ। ਇਹ ਵਿਅਕਤੀ ਪਹਿਲਾਂ ਹੀ ਸ਼ੂਗਰ ਤੋਂ ਪੀੜਤ ਸੀ। ਇਸ ਦੇ ਨਾਲ ਹੀ ਗੁਜਰਾਤ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ।


ਇਸੇ ਦੌਰਾਨ ਜੰਮੂ-ਕਸ਼ਮੀਰ ਵਿੱਚ 62 ਸਾਲਾ ਵਿਅਕਤੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਉਹ ਤੰਗਮਾਰਗ ਦਾ ਵਸਨੀਕ ਸੀ। ਡਾਕਟਰ ਦੇ ਅਨੁਸਾਰ ਉਸ ਨੂੰ ਲਿਵਰ ਦੀ ਬਿਮਾਰੀ ਸੀ। ਇਸ ਨਾਲ ਰਾਜ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 2 ਹੋ ਗਈ ਹੈ।

ਸ਼ਨੀਵਾਰ ਨੂੰ ਦੇਸ਼ ਵਿੱਚ ਸੰਕਰਮਣ ਕਾਰਨ ਚਾਰ ਮੌਤਾਂ ਹੋਈਆਂ। ਕੇਰਲਾ ਦੇ ਕੋਚੀ ਵਿੱਚ ਇੱਕ 69 ਸਾਲਾ ਔਰਤ ਤੇ ਗੁਜਰਾਤ ਵਿੱਚ ਇੱਕ 46 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਅੱਜ ਤੇਲੰਗਾਨਾ ਵਿੱਚ ਲਾਗ ਕਾਰਨ ਮੌਤ ਹੋਣ ਦਾ ਪਹਿਲਾ ਕੇਸ ਵੀ ਸਾਹਮਣੇ ਆਇਆ ਸੀ।

ਸ਼ਨੀਵਾਰ ਨੂੰ ਮੁੰਬਈ ਵਿੱਚ ਲਾਗ ਤੋਂ ਛੇਵੀਂ ਮੌਤ ਦੀ ਪੁਸ਼ਟੀ ਵੀ ਹੋਈ। 85 ਸਾਲਾ ਸਰਜਨ ਦੀ ਸ਼ੁੱਕਰਵਾਰ ਨੂੰ ਇੱਥੇ ਮੌਤ ਹੋ ਗਈ ਤੇ ਸ਼ਨੀਵਾਰ ਨੂੰ ਉਸ ਦੀ ਰਿਪੋਰਟ ਸਾਹਮਣੇ ਆਈ, ਜਿਸ ਤੋਂ ਪਤਾ ਚੱਲਿਆ ਕਿ ਉਹ ਕੋਰੋਨਾ ਪੌਜ਼ੇਟਿਵ ਸੀ। ਬੀਐਮਸੀ ਨੇ ਹਸਪਤਾਲ ਨੂੰ ਸੀਲ ਕਰ ਦਿੱਤਾ ਹੈ ਜਿਸ ਵਿੱਚ ਇਹ ਸਰਜਨ ਕੰਮ ਕਰਦੇ ਸਨ। ਦੇਸ਼ ਵਿੱਚ ਮੁੰਬਈ ਵਿੱਚ ਸਭ ਤੋਂ ਵੱਧ 6 ਮੌਤਾਂ ਹੋਈਆਂ ਹਨ।