ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਭਾਰਤ ਸਰਕਾਰ ਨੇ ਮਹਾਮਾਰੀ ਦੇ ਤੀਜੇ ਪੜਾਅ ਯਾਨੀ ਕਮਿਉਨਿਟੀ ਇਨਫੈਕਸ਼ਨ ਨਾਲ ਨਜਿੱਠਣ ਲਈ ਤਿਆਰੀ ਤੇਜ਼ ਕਰ ਦਿੱਤੀ ਹੈ। ਕੋਰੋਨਾਵਾਇਰਸ ਦੇਸ਼ ਭਰ 'ਚ ਬੇਕਾਬੂ ਹੁੰਦਾ ਜਾ ਰਿਹਾ ਹੈ। ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1029 ਹੋ ਗਈ ਹੈ। ਇਸ ਮਹਾਮਾਰੀ ਨਾਲ 24 ਲੋਕਾਂ ਦੀ ਮੌਤ ਹੋ ਗਈ ਹੈ।ਇਸ ਦੌਰਾਨ 85 ਲੋਕ ਠੀਕ ਵੀ ਹੋਏ ਹਨ।

ਮਹਾਮਾਰੀ ਦੇ ਵੱਧਦੇ ਪ੍ਰਸਾਰ ਨੂੰ ਵੇਖਦੇ ਹੋਏ ਸਿਹਤ ਮੰਤਰਾਲੇ ਨੇ 40 ਹਜ਼ਾਰ ਵੈਂਟੀਲੇਟਰਾਂ ਦਾ ਆਦੇਸ਼ ਦਿੱਤਾ ਹੈ। ਇਸ ਵਿਚੋਂ 30 ਹਜ਼ਾਰ ਵੈਂਟੀਲੇਟਰ ਭਾਰਤ ਇਲੈਕਟ੍ਰਾਨਿਕ ਲਿਮਟਿਡ ਤੋਂ ਲਏ ਜਾਣਗੇ। ਇਸਦੇ ਨਾਲ ਹੀ ਪਬਲਿਕ ਸੈਕਟਰ ਹੈਲਥ ਐਂਟਰਪ੍ਰਾਈਜ ਐਚਐਲਐਲ ਨੂੰ 10 ਹਜ਼ਾਰ ਵੈਂਟੀਲੇਟਰ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ।

ਪੰਜਾਬ 'ਚ ਕੋਰੋਨਾਵਾਇਰਸ ਦੇ 38 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸਭ ਤੋਂ ਵੱਧ ਕੋਰੋਨਾ ਪੋਜ਼ਟਿਵ ਮਰੀਜ਼ ਨਵਾਂ ਸ਼ਹਿਰ 'ਚ ਹਨ। ਇੱਥੇ ਬਹੁਤ ਸਾਰੇ ਲੋਕ ਕੋਰੋਨਾ ਪੋਜ਼ਟਿਵ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ ਜਿਸਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। ਪੰਜਾਬ 'ਚ ਕਰਫਿਊ ਦਾ ਛੇਵਾਂ ਦਿਨ ਹੈ। ਸੂਬੇ 'ਚ 2 ਮਰੀਜ਼ ਸਿਹਤਯਾਬ ਵੀ ਹੋ ਗਏ ਹਨ।

ਦੇਸ਼ 'ਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਰੀਜ਼ ਮਹਾਰਾਸ਼ਟਰ 'ਚ ਹਨ ਇਥੇ 186 ਲੋਕ ਕੋਰੋਨਾ ਪੀੜਤ ਹਨ ਅਤੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਨੰਬਰ ਤੇ ਕੇਰਲਾ ਹੈ ਇੱਥੇ 182 ਲੋਕ ਕੋਰੋਨਾ ਪੀੜਤ ਹਨ। ਇਸੇ ਤਰ੍ਹਾਂ ਕਰਨਾਟਕ 81, ਤੇਲਾਂਗਨਾ 67, ਰਾਜਸਥਾਨ 54, ਯੂਪੀ 65, ਗੁਜਰਾਤ 55, ਰਾਜਧਾਨੀ ਦਿੱਲੀ 'ਚ 49, ਤਾਮਿਲਨਾਡੂ 42, ਹਰਿਆਣਾ 35,ਮੱਧ ਪ੍ਰਦੇਸ਼ 39, ਜੰਮੂ ਕਸ਼ਮੀਰ 33, ਬੰਗਾਲ 18, ਆਂਦਰ ਪ੍ਰਦੇਸ਼ 19, ਲਦਾਖ 13, ਬਿਹਾਰ 11, ਚੰਡੀਗੜ੍ਹ 8, ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 9, ਛਤੀਸਗੜ੍ਹ 7, ਉਤਰਾਖੰਡ 6, ਗੋਆ 3, ਹਿਮਾਚਲ ਪ੍ਰਦੇਸ਼ 3, ਓੜੀਸ਼ਾ 3, , ਮਨੀਪੁਰ,ਮੀਜ਼ੋਰਮ ਅਤੇ ਪੁਡੂਚੇਰੀ 'ਚ ਇੱਕ-ਇੱਕ ਮਾਮਲਾ ਹੈ।

ਵਿਸ਼ਵ ਪੱਧਰ ਤੇ ਗੱਲ ਕਰੀਏ ਤਾਂ ਦਸੰਬਰ ਵਿੱਚ ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ 199 ਦੇਸ਼ਾਂ ਵਿੱਚ 663,740 ਕੇਸ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿਚੋਂ 30,879 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਦਕਿ 142,183 ਲੋਕ ਠੀਕ ਵੀ ਹੋਏ ਹਨ।