2000 note exchange: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਦੇ ਨੋਟ ਚਲਣ ਤੋਂ ਬਾਹਰ ਕਰ ਦਿੱਤੇ ਹਨ। ਕੇਂਦਰੀ ਬੈਂਕ ਨੇ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਲੋਕਾਂ ਨੇ ਬੈਂਕਾਂ 'ਚ ਨੋਟ ਜਮ੍ਹਾ ਕਰਵਾਉਣੇ ਸ਼ੁਰੂ ਕਰ ਦਿੱਤੇ। ਹਾਸਲ ਜਾਣਕਾਰੀ ਮੁਤਾਬਕ 2000 ਰੁਪਏ ਦੇ ਜ਼ਿਆਦਾਤਰ ਨੋਟ ਹੁਣ ਬੈਂਕਾਂ ਵਿੱਚ ਵਾਪਸ ਆ ਗਏ ਹਨ। ਬਾਜ਼ਾਰ 'ਚ ਜਾਰੀ ਕੀਤੇ ਗਏ ਕੁੱਲ ਨੋਟਾਂ 'ਚੋਂ 88 ਫੀਸਦੀ ਬੈਂਕਾਂ 'ਚ ਵਾਪਸ ਆ ਗਏ ਹਨ। ਖਾਸ ਗੱਲ ਇਹ ਹੈ ਕਿ 2000 ਰੁਪਏ ਦੇ ਨੋਟ ਆਮ ਆਦਮੀ ਦੀ ਬਜਾਏ ਕਾਰੋਬਾਰੀਆਂ ਨੇ ਦੱਬੇ ਹੋਏ ਸੀ। ਇਸ ਲਈ 2000 ਰੁਪਏ ਦੇ ਜ਼ਿਆਦਾਤਰ ਨੋਟ ਕਾਰੋਬਾਰੀਆਂ ਨੇ ਹੀ ਜਮ੍ਹਾ ਤੇ ਐਕਸਚੇਂਜ ਕਰਵਾਏ ਹਨ।



ਮਨੀਕੰਟਰੋਲ ਦੀ ਰਿਪੋਰਟ ਮੁਤਾਬਕ ਇਸ ਸਾਲ 19 ਮਈ ਨੂੰ ਭਾਰਤੀ ਰਿਜ਼ਰਵ ਬੈਂਕ ਨੇ 2,000 ਰੁਪਏ ਦੇ ਕਰੰਸੀ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਬੈਂਕਾਂ ਨੂੰ ਮਿਲੇ ਕੁੱਲ 2000 ਰੁਪਏ ਦੇ ਨੋਟਾਂ 'ਚੋਂ 87 ਫੀਸਦੀ ਜਮਾਂ ਰਾਹੀਂ ਆਏ, ਜਦਕਿ 13 ਫੀਸਦੀ ਐਕਸਚੇਂਜ ਰਾਹੀਂ ਆਏ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੂੰ ਸਭ ਤੋਂ ਵੱਧ 2,000 ਰੁਪਏ ਦੇ ਨੋਟ ਮਿਲੇ ਹਨ। SBI 'ਚ 14,000 ਕਰੋੜ ਰੁਪਏ ਦੇ ਨੋਟ ਜਮ੍ਹਾ ਕੀਤੇ ਗਏ ਹਨ।




ਇੰਡੀਅਨ ਓਵਰਸੀਜ਼ ਬੈਂਕ (IOB) ਵਿੱਚ 3,589 ਕਰੋੜ ਦੇ 2,000 ਰੁਪਏ ਦੇ ਨੋਟ ਜਮ੍ਹਾਂ ਜਾਂ ਬਦਲੇ ਗਏ ਹਨ। ਆਈਓਬੀ ਦੇ ਐਮਡੀ ਤੇ ਸੀਈਓ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਸਾਡੇ ਕੋਲ 40 ਫੀਸਦੀ ਨੋਟ ਕਾਰੋਬਾਰ ਤੋਂ ਆਏ ਹਨ। ਇਸ ਵਿੱਚ ਛੋਟੇ ਵਪਾਰੀਆਂ ਦੀ ਹਿੱਸੇਦਾਰੀ ਜ਼ਿਆਦਾ ਹੈ। ਇਸੇ ਤਰ੍ਹਾਂ ਯੂਕੋ ਬੈਂਕ ਨੇ ਕਿਹਾ ਹੈ ਕਿ ਉਸ ਨੂੰ 31 ਜੁਲਾਈ ਤੱਕ 3,471 ਕਰੋੜ ਦੇ 2,000 ਰੁਪਏ ਦੇ ਨੋਟ ਮਿਲੇ ਹਨ। ਬੈਂਕ ਦੇ ਐਮਡੀ ਤੇ ਸੀਈਓ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਨੂੰ 2000 ਰੁਪਏ ਦੇ ਨੋਟਾਂ ਵਿੱਚੋਂ 42 ਫੀਸਦੀ ਆਮ ਆਦਮੀ ਤੋਂ ਪ੍ਰਾਪਤ ਹੋਏ ਹਨ, ਜਦੋਂ ਕਿ 58 ਫੀਸਦੀ ਵਪਾਰੀਆਂ ਵੱਲੋਂ ਜਮ੍ਹਾਂ ਕਰਵਾਏ ਜਾਂ ਬਦਲੇ ਗਏ ਹਨ।



ਸਿਟੀ ਯੂਨੀਅਨ ਬੈਂਕ ਵਿੱਚ 380 ਕਰੋੜ ਦੇ 2000 ਦੇ ਨੋਟ ਜਮ੍ਹਾਂ ਜਾਂ ਬਦਲੇ ਗਏ ਹਨ। ਬੈਂਕ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਂਕ ਨੂੰ 2000 ਰੁਪਏ ਦੇ ਕਰੀਬ 90 ਫੀਸਦੀ ਨੋਟ ਕਾਰੋਬਾਰੀਆਂ ਤੋਂ ਮਿਲੇ ਹਨ। ਇੱਕ ਹੋਰ ਸਰਕਾਰੀ ਬੈਂਕ ਦੇ ਸੀਨੀਅਰ ਅਧਿਕਾਰੀ ਨੇ ਨਾਂ ਦੱਸਿਆ ਕਿ 2000 ਰੁਪਏ ਦੇ ਜ਼ਿਆਦਾਤਰ ਨੋਟ ਕਾਰੋਬਾਰੀਆਂ ਨੇ ਜਮ੍ਹਾ ਕਰਵਾਏ ਹਨ।