ਕੇਂਦਰ ਸਰਕਾਰ ਨੇ ਦਿੱਲੀ ਦੇ ਤਿੰਨ ਮੂਰਤੀ ਭਵਨ ਵਿੱਚ ਸਥਿਤ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦਾ ਨਾਂ ਬਦਲ ਦਿੱਤਾ ਹੈ। ਇਸ ਦਾ ਨਵਾਂ ਨਾਂ ਬਦਲ ਕੇ ਪ੍ਰਾਇਮ ਮਿਨਿਸਟਰ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੋਸਾਇਟੀ (PMMS) ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ 16 ਜੂਨ ਨੂੰ ਨਾਮ ਬਦਲਣ ਦਾ ਐਲਾਨ ਕੀਤਾ ਸੀ। ਬੀਤੇ ਮੰਗਲਵਾਰ ਤੋਂ ਇਹ ਲਾਗੂ ਹੋ ਗਿਆ ਹੈ।


ਦੱਸ ਦਈਏ ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਿਨ੍ਹਾਂ ਦਾ ਆਪਣਾ ਇਤਿਹਾਸ ਨਹੀਂ ਹੈ, ਉਹ ਦੂਜਿਆਂ ਦੇ ਇਤਿਹਾਸ ਨੂੰ ਮਿਟਾਉਣ 'ਤੇ ਤੁਲੇ ਹੋਏ ਹਨ। ਸਮਾਰਕ ਦਾ ਨਾਂ ਬਦਲਣ ਦੀ ਕੋਸ਼ਿਸ਼ ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਲੋਕਤੰਤਰ ਦੇ ਨਿਡਰ ਸਰਪ੍ਰਸਤ ਪੰਡਿਤ ਜਵਾਹਰ ਲਾਲ ਨਹਿਰੂ ਦੀ ਸ਼ਖਸੀਅਤ ਨੂੰ ਛੋਟਾ ਨਹੀਂ ਕਰ ਸਕਦੀ। ਇਹ ਭਾਜਪਾ-ਆਰ.ਐਸ.ਐਸ ਦੀ ਨੀਵੀਂ ਮਾਨਸਿਕਤਾ ਅਤੇ ਤਾਨਾਸ਼ਾਹੀ ਰਵੱਈਏ ਨੂੰ ਦਰਸਾਉਂਦਾ ਹੈ।


ਇਸ ਤੋਂ ਪਹਿਲਾਂ 2016 ਵਿੱਚ, ਪੀ.ਐਮ ਮੋਦੀ ਨੇ ਕੰਪਲੈਕਸ ਵਿੱਚ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਇੱਕ ਅਜਾਇਬ ਘਰ ਸਥਾਪਤ ਕਰਨ ਦਾ ਵਿਚਾਰ ਪੇਸ਼ ਕੀਤਾ ਸੀ। ਕਾਂਗਰਸ ਦੇ ਵਿਰੋਧ ਦੇ ਬਾਵਜੂਦ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ ਅਜਾਇਬ ਘਰ ਬਣਾਇਆ ਗਿਆ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ 21 ਅਪ੍ਰੈਲ 2022 ਨੂੰ ਕੀਤਾ ਸੀ। ਉਦੋਂ ਵੀ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ।


ਇਸਤੋਂ ਇਲਾਵਾ ਸੰਸਕ੍ਰਿਤੀ ਮੰਤਰਾਲੇ ਕਿਹਾ ਜਿੱਥੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਸਥਿਤ ਹੈ, ਉੱਥੇ ਹੀ ਇਸ ਵਿੱਚ ਨਹਿਰੂ ਸਣੇ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਨੂੰ ਦਰਸਾਉਂਦਾ ਪ੍ਰਧਾਨ ਮੰਤਰੀ ਦਾ ਅਜਾਇਬ ਘਰ ਵੀ ਹੈ। ਪਹਿਲਾਂ ਇਸ ਮਿਊਜ਼ੀਅਮ ਦਾ ਨਾਂ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਸੀ, ਹੁਣ ਇਸਨੂੰ ਪ੍ਰਾਇਮ ਮਿਨਿਸਟਰ ਅਜਾਇਬ ਘਰ ਅਤੇ ਲਾਇਬ੍ਰੇਰੀ ਸੁਸਾਇਟੀ ਕਰ ਦਿੱਤਾ ਗਿਆ ਹੈ। 


ਐਡਵਿਨ ਲੁਟੀਅਨਸ ਦੀ ਸ਼ਾਹੀ ਰਾਜਧਾਨੀ ਦੇ ਹਿੱਸੇ ਦੇ ਰੂਪ ਵਜੋਂ 1929-30 ਵਿੱਚ ਬਣਾਇਆ ਗਿਆ, ਤਿੰਨ ਮੂਰਤੀ ਭਵਨ ਭਾਰਤ ਵਿੱਚ ਕਮਾਂਡਰ-ਇਨ-ਚੀਫ਼ ਦਾ ਅਧਿਕਾਰਤ ਨਿਵਾਸ ਸੀ। ਅਗਸਤ 1948 ਵਿੱਚ ਇਹ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਸਰਕਾਰੀ ਨਿਵਾਸ ਬਣ ਗਿਆ। ਨਹਿਰੂ ਦੀ ਮੌਤ 27 ਮਈ 1964 ਨੂੰ ਹੋਈ। ਪੰਡਿਤ ਨਹਿਰੂ ਇੱਥੇ 16 ਸਾਲ ਰਹੇ।



ਨਹਿਰੂ ਦੀ ਮੌਤ ਤੋਂ ਬਾਅਦ, ਤਤਕਾਲੀ ਸਰਕਾਰ ਨੇ ਫੈਸਲਾ ਕੀਤਾ ਕਿ ਤਿੰਨ ਮੂਰਤੀ ਭਵਨ ਜਵਾਹਰ ਲਾਲ ਨਹਿਰੂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਤਤਕਾਲੀ ਸਰਕਾਰ ਨੇ ਇਸ ਵਿੱਚ ਇੱਕ ਮਿਊਜ਼ੀਅਮ ਅਤੇ ਇੱਕ ਲਾਇਬ੍ਰੇਰੀ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਨਹਿਰੂ ਦੀ 75ਵੀਂ ਜਯੰਤੀ 'ਤੇ 14 ਨਵੰਬਰ 1964 ਨੂੰ ਤਤਕਾਲੀ ਰਾਸ਼ਟਰਪਤੀ ਸ. ਰਾਧਾਕ੍ਰਿਸ਼ਨਨ ਨੇ ਤਿੰਨ ਮੂਰਤੀ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਦਾ ਉਦਘਾਟਨ ਕੀਤਾ। ਦੋ ਸਾਲ ਬਾਅਦ, ਸੰਸਥਾ ਦਾ ਪ੍ਰਬੰਧਨ ਕਰਨ ਲਈ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੋਸਾਇਟੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹ ਉਦੋਂ ਤੋਂ ਹੀ ਬਣੀ ਹੋਈ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਸੁਸਾਇਟੀ ਦੇ ਚੇਅਰਮੈਨ ਹਨ। ਇਸ ਦੇ 29 ਮੈਂਬਰਾਂ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਧਰਮਿੰਦਰ ਪ੍ਰਧਾਨ, ਜੀ ਕਿਸ਼ਨ ਰੈੱਡੀ, ਅਨੁਰਾਗ ਠਾਕੁਰ ਸ਼ਾਮਲ ਹਨ।