ਯੂਪੀ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਅਖਿਲੇਸ਼ ਯਾਦਵ ਅਤੇ ਮਾਇਆਵਤੀ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਕਰ ਲੋਕ ਸਭਾ ਸੀਟਾਂ ਦੀ ਵੰਡ ਦਾ ਐਲਾਨ ਵੀ ਕਰ ਦਿੱਤਾ ਹੈ। ਬਸਪਾ ਸੁਪਰੀਮੋ ਮਾਇਆਵਤੀ ਤੇ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੂਬੇ ਦੀਆਂ 80 ਲੋਕ ਸਭਾ ਸੀਟਾਂ ਵਿੱਚੋਂ 38-38 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਬਕਾਇਆ ਚਾਰ ਸੀਟਾਂ ਵਿੱਚੋਂ ਦੋ ਕਾਂਗਰਸ ਅਤੇ ਦੋ ਹੋਰਨਾਂ ਲਈ ਛੱਡੀਆਂ ਹਨ। ਕਾਂਗਰਸ ਹਿੱਸੇ ਰਾਏਬਰੇਲੀ ਤੇ ਅਮੇਠੀ ਦੀਆਂ ਸੀਟਾਂ ਆ ਸਕਦੀਆਂ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਅਤੇ ਸੋਨੀਆ ਗਾਂਧੀ ਰਾਏਬਰੇਲੀ ਤੋਂ ਸੰਸਦ ਮੈਂਬਰ ਹਨ। ਜ਼ਿਕਰਯੋਗ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਕਤ ਪਾਰਟੀਆਂ ਨੇ ਆਪੋ-ਆਪਣੇ ਪੱਧਰ 'ਤੇ ਚੋਣ ਲੜੀ ਸੀ ਜਿਸ ਦੌਰਾਨ ਸਪਾ ਨੂੰ ਪੰਜ ਕਾਂਗਰਸ ਨੂੰ ਦੋ ਅਤੇ ਬਸਪਾ ਦਾ ਖਾਤਾ ਵੀ ਨਹੀਂ ਸੀ ਖੁੱਲ੍ਹਿਆ। ਹੁਣ ਸਪਾ ਤੇ ਬਸਪਾ ਨੇ ਗਠਜੋੜ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਪਾ ਤੇ ਬਸਪਾ 25 ਸਾਲ ਬਾਅਦ ਇਕੱਠੇ ਹੋ ਰਹੀਆਂ ਹਨ। ਪਾਰਟੀਆਂ ਦੇ ਮੁੜ ਤੋਂ ਇਕੱਠੇ ਹੋਣ ਕਾਰਨ ਕਾਰਕੁੰਨਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਦੋਵਾਂ ਪਾਰਟੀਆਂ ਦੇ ਗਠਜੋੜ ਤੋਂ ਭਾਰਤੀ ਜਨਤਾ ਪਾਰਟੀ ਨੂੰ ਖਾਸਾ ਨੁਕਸਾਨ ਝੱਲਣਾ ਪੈ ਸਕਦਾ ਹੈ, ਕਿਉਂਕਿ ਦੋਵੇਂ ਪਾਰਟੀਆਂ ਦਾ ਯੂਪੀ ਵਿੱਚ ਖਾਸਾ ਆਧਾਰ ਹੈ ਤੇ ਇਕੱਠਿਆਂ ਚੋਣ ਲੜ ਕੇ ਵੰਡੀ ਜਾ ਰਹੀ ਵੋਟ ਹੁਣ ਇਕੱਟੀ ਹੋ ਸਕਦੀ ਹੈ।