ਨਵੀਂ ਦਿੱਲੀ: ਦਿੱਲੀ ਦੇ ਸਿੰਘਾਸਨ ਦੇ ਰਾਹ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ। ਉੱਤਰ ਪ੍ਰਦੇਸ਼ ਦੀ ਤਸਵੀਰ ਤੈਅ ਕਰ ਦਿੰਦੀ ਹੈ ਕਿ ਦੇਸ਼ ਵਿੱਚ ਕਿਸ ਨੂੰ ਰਾਜ ਮਿਲੇਗਾ ਤੇ ਕਿਸ ਦਾ ਬਨਵਾਸ ਹੋਏਗਾ। 2014 ਵਿੱਚ 80 ਲੋਕ ਸਭਾ ਸੀਟਾਂ ਵਾਲੇ ਯੂਪੀ ਵਿੱਚ ਐਨਡੀਏ ਨੇ 73 ਸੀਟਾਂ ’ਤੇ ਕਬਜ਼ਾ ਕਰਕੇ ਦਿੱਲੀ ਵਿੱਚ ਆਪਣੀ ਦਾਅਵੇਦਾਰੀ ਤੈਅ ਕਰ ਦਿੱਤੀ ਸੀ ਪਰ 2019 ਚੋਣਾਂ ਤੋਂ ਪਹਿਲਾਂ ਹੀ ਐਨਡੀਏ ਦੇ ਸਹਿਯੋਗੀਆਂ ਨੇ ਬਗ਼ਾਵਤੀ ਸੁਰ ਅਲਾਪਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਵਿੱਚ ਪੀਐਮ ਮੋਦੀ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।


ਬੀਜੇਪੀ ਤੋਂ ਔਖਾ ਹੋਇਆ ਅਪਨਾ ਦਲ

ਬੀਜੇਪੀ ਲਈ ਹੁਣ ਤਕ ਚੰਗੇ ਰਹੇ ਅਪਨਾ ਦਲ ਨੇ ਵੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਲੀਡਰ ਗਠਜੋੜ ਧਰਮ ਦੀ ਮਰਿਆਦਾ ਦੱਸ ਰਹੇ ਹਨ ਤੇ ਤਿੰਨ ਸੂਬਿਆਂ ਵਿੱਚ ਬੀਜੇਪੀ ਦੀ ਸਰਕਾਰ ਜਾਣ ’ਤੇ ਸਬਕ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਪਨਾ ਦਲ ਦੇ ਪ੍ਰਧਾਨ ਆਸ਼ੀਸ਼ ਪਟੇਲ ਤਾਂ ਮਾਇਆਵਤੀ ਦੇ ਗੁਣਗਾਨ ਕਰਨ ਲੱਗੇ ਹਨ। ਅਪਨਾ ਦਲ ਅਜਿਹੇ ਸਮੇਂ ਵਿੱਚ ਬੀਜੇਪੀ ਤੋਂ ਬਗਾਵਤ ਦੀ ਗੱਲ ਕਰ ਰਿਹਾ ਹੈ ਜਦੋਂ ਐਨਡੀਏ ਦੇ ਲੀਡਰਾਂ ਨੂੰ ਆਪਣੇ ਨਾਲ ਰੱਖਣ ਦੀ ਚੁਣੌਤੀ ਹੈ।

ਸੁਹੇਲਦੇਵ ਸਮਾਜ ਪਾਰਟੀ ਵੀ ਬੀਜੇਪੀ ਤੋਂ ਨਾਰਾਜ਼

ਯੂਪੀ ਵਿੱਚ ਬੀਜੇਪੀ ਦੀ ਦੂਜੀ ਸਹਿਯੋਗੀ ਪਾਰਟੀ ਸੁਹੇਲਦੇਵ ਸਮਾਜ ਪਾਰਟੀ ਨੇ ਤਾਂ ਪਹਿਲਾਂ ਤੋਂ ਹੀ ਬੀਜੇਪੀ ਖ਼ਿਲਾਫ਼ ਮੋਚਰਾ ਖੋਲ੍ਹਿਆ ਹੋਇਆ ਹੈ। ਭਾਰਤੀ ਸੁਹੇਲਦੇਵ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜ ਭਰ ਨੇ ਬੀਜੇਪੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਲੀਡਰਾਂ ਕੋਲ ਬਿਆਨ ਦੇਣ ਦਾ ਸਮਾਂ ਤਾਂ ਹੈ ਪਰ ਗ਼ਰੀਬ ਤੇ ਪੱਛੜਿਆਂ ਦੀ ਗੱਲ ਕਰਨ ਦਾ ਸਮਾਂ ਨਹੀਂ ਹੈ। ਜਿਸ ਤਰ੍ਹਾਂ ਐਨਡੀਏ ਦੇ ਆਪਣੇ ਹੀ ਅੱਖਾਂ ਮਰੋੜ ਰਹੇ ਹਨ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ 2019 ਦਾ ਰਾਹ ਬੀਜੇਪੀ ਲਈ ਆਸਾਨ ਨਹੀਂ ਹੋਏਗਾ।

ਲਗਾਤਾਰ ਮੋਦੀ ’ਤੇ ਨਿਸ਼ਾਨੇ ਵਰ੍ਹਾ ਰਹੀ ਸ਼ਿਵ ਸੈਨਾ

ਯੂਪੀ ਤੇ ਬਿਹਾਰ ਤੋਂ ਬਾਅਦ ਤੀਜੇ ਵੱਡੇ ਸੂਬੇ ਮਹਾਰਾਸ਼ਟਰ ਵਿੱਚ ਵੀ ਸਹਿਯੋਗੀ ਸ਼ਿਵਸੇਨਾ ਲਗਾਤਾਰ ਵਿਰੋਧੀਆਂ ਵਾਂਗ ਮੋਦੀ ਸਰਕਾਰ ’ਤੇ ਹਮਲੇ ਕਰ ਰਹੀ ਹੈ। ਅਸਲ ਵਿੱਚ ਸ਼ਿਵਸੇਨਾ ਦੀ ਨਾਰਾਜ਼ਗੀ ਵਿੱਚ ਪਿਛਲੇ ਦਿਨੀਂ ਅਮਿਤ ਸ਼ਾਹ ਨੇ ਮਹਾਰਾਸ਼ਟਰ ਵਿੱਚ ਸ਼ਿਵਸੇਨਾ ਨਾਲ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ ਜਦਕਿ ਊਧਵ ਦੀ ਪਾਰਟੀ ਇਕੱਲਿਆਂ ਚੋਣ ਲੜਨ ਦੀ ਗੱਲ ਕਹਿ ਚੁੱਕੀ ਹੈ। ਉੱਧਰ ਬੀਜੇਪੀ ਲਈ ਗਠਜੋੜ ਬਣਾਈ ਰੱਖਣਾ ਬੇਹੱਜ ਜ਼ਰੂਰੀ ਹੈ। ਜੇ ਇੰਝ ਨਾ ਹੋਇਆ ਤਾਂ ਬੀਜੇਪੀ ਲਈ ਕੰਡੇ ਹੀ ਕੰਡੇ ਹਨ।