ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਸ਼ਾਸਕ ਵੀਪੀ ਸਿੰਘ ਬਦਨੌਰ ਨੇ ਕਜੌਲੀ ਜਲ ਯੋਜਨਾ ਦੇ ਫੇਜ਼-5 ਤੇ 6 ਰਾਹੀਂ ਸ਼ਹਿਰ ਨੂੰ ਪਾਣੀ ਦੀ ਸਪਲਾਈ ਬਾਰੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੂੰ ਸਤੰਬਰ ਦੇ ਅਖੀਰ ਤੱਕ 24 ਘੰਟੇ ਪਾਣੀ ਦੀ ਸਲਪਾਈ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਸ਼ਹਿਰ ਵਿੱਚ ਕਈ ਥਾਈਂ ਪਾਣੀ ਦੀ ਸਮੱਸਿਆ ਸਾਹਮਣੇ ਆ ਰਹੀ ਸੀ। ਦਰਅਸਲ ਬਦਨੌਰ ਬੀਤੇ ਦਿਨ ਚੰਡੀਗੜ੍ਹ ਨਗਰ ਨਿਗਮ ਹਾਊਸ ਵਿੱਚ ਕੌਂਸਲਰਾਂ ਤੇ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ।


ਇਸ ਦੇ ਨਾਲ ਹੀ ਬਦਨੌਰ ਨੇ ਸਮਾਰਟ ਸਿਟੀ ਅਧੀਨ ਸਾਈਕਲ ਸ਼ੇਅਰਿੰਗ ਯੋਜਨਾ, ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਦੀ ਸਮੱਸਿਆ ਦੇ ਹੱਲ ਲਈ ਯੋਜਨਾਂਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਿਹਤ ਤੇ ਸਿੱਖਿਆ ਸੇਵਾਵਾਂ ਨੂੰ ਬਿਹਤਰ ਕੀਤਾ ਜਾ ਰਿਹਾ ਹੈ।


ਉਨ੍ਹਾਂ ਨੇ ਨਿਗਮ ਨੂੰ ਸ਼ਹਿਰ ਵਿੱਚ ਪਾਰਕਿੰਗ ਸਹੂਲਤ ਨੂੰ ਮਜ਼ਬੂਤ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਲਾਵਾਰਿਸ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ 28 ਸਤੰਬਰ ਨੂੰ ਕੌਮੀ ਪੱਧਰ ਦਾ ਸੰਮੇਲਨ ਸੱਦਿਆ ਗਿਆ ਹੈ। ਸ੍ਰੀ ਬਦਨੌਰ ਨੇ ਸ਼ਹਿਰ ਵਿੱਚ ਸਮਾਰਟ ਸਿਟੀ ਯੋਜਨਾ ਨੂੰ ਲੈਕੇ ਪ੍ਰਾਜੈਕਟਾਂ, ਪਾਰਕਿੰਗ, ਬਿਜਲੀ, ਸੜਕ ਅਤੇ ਪੀਣ ਦੇ ਪਾਣੀ ਸਮੇਤ ਨਗਰ ਨਿਗਮ ਨਾਲ ਸਬੰਧਤ ਹੋਰ ਕਾਰਜਾਂ ਬਾਰੇ ਆਪਣੇ ਵਿਚਾਰ ਰੱਖੇ।